‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਧ੍ਰੋਹ ਦੀ ਅਸਲ ਪਰਿਭਾਸ਼ਾ ਕੀ ਹੈ, ਇਹ ਦੱਸੀ ਜਾਵੇ। ਸੁਪਰੀਮ ਕੋਰਟ ਨੇ ਇਹ ਗੱਲ ਸੰਸਦ ਮੈਂਬਰ ਆਰ ਕ੍ਰਿਸ਼ਣਮ ਰਾਜੂ ਦੇ ਕਥਿਤ ਇਤਰਾਜਯੋਗ ਭਾਸ਼ਣ ਨੂੰ ਪ੍ਰਸਾਰਿਤ ਕਰਨ ‘ਤੇ ਰਾਜਧ੍ਰੋਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਦੋ ਤੇਲਗੂ ਨਿਊਜ ਚੈਨਲਾਂ ਦੀਆਂ ਪਟੀਸ਼ਨਾਂ ਉੱਤੇ ਟਿੱਪਣੀ ਕਰਦਿਆਂ ਕਹੀ। ਸੁਪਰੀਮ ਕੋਰਟ ਨੇ ਆਂਧਰਾ ਪ੍ਰਦੇਸ਼ ਦੀ ਸਰਕਾਰ ਨੂੰ ਇਨ੍ਹਾਂ ਦੋ ਚੈਨਲਾਂ ਉੱਤੇ ਖਿਲਾਫ ਕੋਈ ਕਾਰਵਾਈ ਨਾ ਕਰਨ ਦੀ ਵੀ ਹਦਾਇਤ ਕੀਤੀ। TV 5 ਅਤੇ ABN Andhrajyot ਖਿਲਾਫ ਰਾਜਧ੍ਰੋਹ ਦੇ ਦੋਸ਼ ਲੱਗੇ ਹਨ।


ਜ਼ਿਕਰਯੋਗ ਹੈ ਕਿ ਤੇਲਗੂ ਟੀਵੀ-5 ਅਤੇ ਏਬੀਐਨ ਆਂਧਰਜਿਯੋਤੀ ਨੇ ਸੁਪਰੀਮ ਕੋਰਟ ਤੋਂ ਆਪਣੇ ਖਿਲਾਫ ਦਰਜ ਹੋਈ ਐੱਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਮੀਡੀਆ ਉੱਤੇ ਰੋਕ ਲਗਾਉਣ ਦੇ ਸੂਬੇ ਦੇ ਇਸ ਕਦਮ ਨਾਲ ਮੀਡੀਆ ਘਰਾਣਿਆਂ ‘ਤੇ ਬੁਰਾ ਅਸਰ ਪਵੇਗਾ। ਇਹ ਐੱਫਆਈਆਰ ਚੈਨਲਾਂ ਦੀ ਕਿਸੇ ਨਾਲ ਵੀ ਮਿਲੀਭੁਗਤ ਨੂੰ ਸਾਬਿਤ ਕਰਨ ਵਿਚ ਅਸਫਲ ਰਹੀ ਹੈ। ਇਸ ਲਈ ਗ੍ਰਿਫਤਾਰੀ ਤੋਂ ਵੀ ਬਚਾਇਆ ਜਾਵੇ। ਪਟੀਸ਼ਨ ਦਾਖਿਲ ਕਰਨ ਵਾਲਿਆਂ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਨੂੰ ਇਸ ਮਾਮਲੇ ਵਿੱਚ ਦਖਲ ਦੇ ਕੇ ਚੈਨਲਾਂ ਨੂੰ ਬਿਨਾਂ ਕਿਸੇ ਪੁਲਿਸ ਪਰੇਸ਼ਾਨੀ ਦੇ ਆਪਣੇ ਪੇਸ਼ੇ ਨੂੰ ਅੱਗੇ ਵਧਾਉਣ ਦੀ ਮਨਜ਼ੂਰੀ ਦੇਣੀ ਚਾਹੀਦੀ ਹੈ।