‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਐੱਸਸੀ ਕਮਿਸ਼ਨ ਨੇ ਕਾਂਗਰਸ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਉਸਦੇ ਪਵਿੱਤਰ ਸੀਟਾਂ ਵਾਲੇ ਬਿਆਨ ‘ਤੇ ਇੱਕ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਬਿੱਟੂ ਨੂੰ 22 ਜੂਨ ਨੂੰ ਸਵੇਰੇ 11:30 ਵਜੇ ਐੱਸਸੀ ਕਮਿਸ਼ਨ ਦੇ ਦਫਤਰ ਵਿੱਚ ਤਲਬ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਦੀ ਸ਼ਿਕਾਇਤ ‘ਤੇ ਇਹ ਨੋਟਿਸ ਲਿਆ ਗਿਆ ਹੈ।
ਰਵਨੀਤ ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਸੀ ਕਿ ਅਕਾਲੀ ਦਲ ਹਮੇਸ਼ਾ ਤੋਂ ਸਹਾਰਾ ਲੱਭਦਾ ਰਿਹਾ ਹੈ ਅਤੇ ਹੁਣ ਵੀ ਬਸਪਾ ਦਾ ਸਹਾਰਾ ਲੱਭ ਰਿਹਾ ਹੈ। ਅਕਾਲੀ ਦਲ ਨੇ ਆਪਣੇ ਜਿਹੜੇ ਲੀਡਰ ਖਤਮ ਕਰਨੇ ਸੀ, ਉਹ ਇਨ੍ਹਾਂ ਨੇ ਬਸਪਾ ਨੂੰ ਟਿਕਟਾਂ ਦੇ ਕੇ ਖਤਮ ਕਰ ਦਿੱਤੇ ਹਨ। ਪ੍ਰੇਮ ਸਿੰਘ ਚੰਦੂਮਾਜਰਾ ਦੀ ਵੀ ਸੀਟ ਖਤਮ ਕੀਤੀ ਗਈ। ਸ਼੍ਰੀ ਅਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਵਰਗੀਆਂ ਸਾਰੀਆਂ ਪਵਿੱਤਰ ਸੀਟਾਂ ਬਸਪਾ ਨੂੰ ਦੇ ਦਿੱਤੀਆਂ ਹਨ। ਅਕਾਲੀ ਦਲ ਅਤੇ ਬਸਪਾ ਜੇ ਗਰੀਬ ਵਰਗ ਦੇ ਨਾਂ ‘ਤੇ ਸੀਟਾਂ ਲੈ ਲੈਣਗੇ ਤਾਂ ਇਹ ਉਨ੍ਹਾਂ ਦਾ ਭੁਲੇਖਾ ਹੈ।