Punjab

ਗੁ: ਅੰਬ ਸਾਹਿਬ ਨੇੜੇ ਕੱਟੇ ਜਾ ਰਹੇ ਦਰਖ਼ਤਾਂ ਨੂੰ ਬਚਾਉਣ ਲਈ ਪੁੱਡਾ ਦਫ਼ਤਰ ਦਾ ਘਿਰਾਓ, ਗੁ: ਮੈਨੇਜਰ ਵੀ ਬਦਲਣ ਦੀ ਮੰਗ

ਬਿਊਰੋ ਰਿਪੋਰਟ (ਮੁਹਾਲੀ, 4 ਸਤੰਬਰ 2025): ਐਸਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੁਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ’ਤੇ ਅੱਜ 5 ਜਥੇਬੰਦੀਆਂ ਵੱਲੋਂ 15 ਦਿਨ ਪਹਿਲਾਂ ਪੁੱਡਾ ਦਫ਼ਤਰ ਦੇ ਘਿਰਾਉ ਦੇ ਐਲਾਨ ਅਨੁਸਾਰ ਮੋਰਚਾ ਸਥਾਨ ਤੋਂ ਇੱਕ ਭਾਰੀ ਇਕੱਠ ਨੇ ਪੁੱਡਾ ਵਿਭਾਗ ਦੇ ਦਫ਼ਤਰ ਵੱਲ ਕੂਚ ਕੀਤਾ। ਇਸ ਵਿੱਚ ਐਸਸੀ ਬੀਸੀ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਨਰੇਗਾ ਵਰਕਰ ਫਰੰਟ ਇੰਡੀਆ, ਸਫਾਈ ਸੇਵਕ ਮਜ਼ਦੂਰ ਯੂਨੀਅਨ ਮੁਹਾਲੀ, ਕਾਮਨ ਲੈਂਡ ਪ੍ਰੋਟੈਕਸ਼ਨ ਸੋਸਾਇਟੀ ਅਤੇ ਕੌਮੀ ਇਨਸਾਫ ਮੋਰਚੇ ਵੱਲੋਂ ਪੁੱਡਾ ਦਫ਼ਤਰ ਦਾ ਘਿਰਾਓ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਅਤੇ ਪੁੱਡਾ ਵਿਭਾਗ ਵਿਰੋਧ ਨਾਅਰੇਬਾਜ਼ੀ ਕੀਤੀ ਅਤੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ।

ਇਸ ਮੌਕੇ ਰੇਸ਼ਮ ਸਿੰਘ ਕਾਹਲੋਂ, ਜਥੇਦਾਰ ਕਿਰਪਾਲ ਸਿੰਘ ਖਾਲਸਾ, ਅਵਤਾਰ ਸਿੰਘ ਨਗਲਾ, ਅਜੈਬ ਸਿੰਘ ਬਠੋਈ, ਅਜੀਤ ਸਿੰਘ ਪ੍ਰਧਾਨ, ਹਰਨੇਕ ਸਿੰਘ ਮਲੋਆ, ਪ੍ਰਿੰਸੀਪਲ ਸਰਬਜੀਤ ਸਿੰਘ, ਸ਼ਿਕਸ਼ਾ ਸ਼ਰਮਾ ਅਤੇ ਪਰਮਜੀਤ ਕੌਰ ਨੇ ਆਏ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਸਰਕਾਰ ਅਤੇ ਪੁੱਡਾ ਵਿਭਾਗ ਦੀ ਪ੍ਰੈਸ ਸਾਹਮਣੇ ਪੋਲ ਖੋਲੀ।

ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਗੁਰਦੁਆਰਾ ਅੰਬ ਸਾਹਿਬ ਦੇ ਨੇੜੇ ਇਤਿਹਾਸਿਕ ਅੰਬਾਂ ਦਾ ਬਾਗ਼ ਬਚਾਉਣ ਵਾਸਤੇ ਪਿਛਲੇ 6 ਮਹੀਨਿਆਂ ਤੋਂ ਫਿਨਿਕਸ ਮਾਲ ਦੇ ਖਿਲਾਫ ਲੜਾਈ ਲੜ ਰਹੇ ਹਾਂ। ਜਿਸ ਦੀਆਂ ਲਿਖਤੀ ਦਰਖਾਸਤਾਂ ਮੁੱਖ ਮੰਤਰੀ ਪੰਜਾਬ, ਨੈਸ਼ਨਲ ਗਰੀਨ ਟਰਬਿਊਨਲ ਦਿੱਲੀ, ਵਣ ਵਿਭਾਗ ਪੰਜਾਬ, ਡਿਪਟੀ ਕਮਿਸ਼ਨਰ ਮੁਹਾਲੀ ਅਤੇ ਐਸਐਸਪੀ ਮੁਹਾਲੀ ਨੂੰ ਦਿੱਤੀਆਂ। ਪਰ ਕੋਈ ਵੀ ਕਾਰਵਾਈ ਨਾ ਹੋਣ ਤੇ ਅੱਜ ਪੁੱਡਾ ਦਫ਼ਤਰ ਦਾ ਘਿਰਾਓ ਕੀਤਾ ਗਿਆ। ਪਰ ਕੋਈ ਉੱਚ ਅਧਿਕਾਰੀ ਸਾਡੇ ਨਾਲ ਗੱਲ ਕਰਨ ਨਾ ਆਇਆ। ਧਰਨਾਕਾਰੀਆਂ ਨੇ ਸੜਕ ’ਤੇ ਚੱਕਾ ਜਾਮ ਕਰ ਦਿੱਤਾ। ਹਰਕਤ ਵਿੱਚ ਆਏ ਪੁੱਡਾ ਵਿਭਾਗ ਤੇ ਕਰਮਚਾਰੀ ਤੁਰੰਤ ਧਰਨਾਕਾਰੀਆਂ ਕੋਲ ਪਹੁੰਚੇ ਅਤੇ ਧਰਨਾਕਾਰੀਆਂ ਤੋਂ ਮੰਗ ਪੱਤਰ ਲਿਆ ਅਤੇ ਪ੍ਰੈਸ ਸਾਹਮਣੇ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

ਕੁੰਭੜਾ ਨੇ ਦੱਸਿਆ ਕਿ ਇਸ ਧਰਨੇ ਸਬੰਧੀ ਅਸੀਂ ਇੱਕ ਲਿਖਤੀ ਬੇਨਤੀ ਪੱਤਰ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਟੌਹੜਾ ਨੂੰ ਪ੍ਰਦਰਸ਼ਨ ਵਿੱਚ ਸਹਿਯੋਗ ਕਰਨ ਸਬੰਧੀ ਦਿੱਤਾ ਸੀ ਅਤੇ ਇਸ ਬਾਰੇ ਪ੍ਰੈਸ ਰਾਹੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਸੀ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਗੁਰਦੁਆਰਾ ਅੰਬ ਸਾਹਿਬ ਦੇ ਨਾਲ ਲੱਗਦੇ ਇਤਿਹਾਸਿਕ ਬਾਗਾਂ ਨੂੰ ਬਚਾਉਣ ਲਈ ਕਿਸੇ ਨੇ ਵੀ ਸਾਥ ਨਹੀਂ ਦਿੱਤਾ।

ਇਸ ਧਰਨਾ ਪ੍ਰਦਰਸ਼ਨ ਵਿੱਚ ਆਈ ਸੰਗਤ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤੋਂ ਮੰਗ ਕੀਤੀ ਕਿ ਮੈਨੇਜਰ ਰਜਿੰਦਰ ਸਿੰਘ ਟੌਹੜਾ ਨੂੰ ਇਥੋਂ ਜਲਦ ਤੋਂ ਜਲਦ ਬਦਲਿਆ ਜਾਵੇ, ਕਿਉਂਕਿ ਜੋ ਮੈਨੇਜਰ ਆਪਣੇ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੇ ਬਾਗਾਂ ਨੂੰ ਬਚਾਉਣ ਲਈ ਸਹਿਯੋਗ ਨਹੀਂ ਕਰ ਸਕਦਾ, ਉਹ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕਿਸ ਤਰ੍ਹਾਂ ਚਲਾ ਸਕਦਾ ਹੈ। ਕੁੰਭੜਾ ਨੇ ਕਿਹਾ ਕਿ ਬਹੁਤ ਜਲਦ ਅਸੀਂ ਦਰੱਖਤਾਂ ਦੇ ਕੱਟਣ ਦੇ ਇਸ ਮਾਮਲੇ ਨੂੰ ਲੈਕੇ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ।

ਇਸ ਮੌਕੇ ਮਾਸਟਰ ਬਨਵਾਰੀ ਲਾਲ, ਨੰਬਰਦਾਰ ਬਲਵਿੰਦਰ ਸਿੰਘ ਮਲੋਆ, ਕਰਮ ਸਿੰਘ ਕੁਰੜੀ, ਹਰਵਿੰਦਰ ਸਿੰਘ ਕੋਹਲੀ, ਸੁਨੀਤਾ ਸ਼ਰਮਾ, ਸਵਿੰਦਰ ਸਿੰਘ ਲੱਖੋਵਾਲ, ਪਰਵਿੰਦਰ ਸਿੰਘ, ਇਕਬਾਲ ਸਿੰਘ, ਜਸਵੀਰ ਸਿੰਘ ਸੈਣੀ, ਪੂਨਮਰਾਣੀ, ਜਤਿੰਦਰ ਕੌਰ, ਰਜਿੰਦਰ ਕੌਰ, ਬਲਜੀਤ ਸਿੰਘ, ਕਰਮਜੀਤ ਸਿੰਘ, ਦਰਸ਼ਨ ਸਿੰਘ ਰਾਠੀ, ਜੋਗਿੰਦਰ ਕੌਰ ਸੰਧੂ, ਅਵਤਾਰ ਸਿੰਘ, ਕੁਲਦੀਪ ਸਿੰਘ ਬਠੋਈ, ਰਘਵੀਰ ਸਿੰਘ, ਮੁਖਤਿਆਰ ਸਿੰਘ, ਪਲਵਿੰਦਰ ਸਿੰਘ ਆਦਿ ਹਾਜ਼ਰ ਹੋਏ।