ਫ਼ਰੀਦਕੋਟ ਜ਼ਿਲ੍ਹੇ ਦੇ ਕਸਬਾ ਸਾਦਿਕ ਵਿੱਚ ਸਥਿਤ ਸਟੇਟ ਬੈਂਕ ਆਫ਼ ਇੰਡੀਆ (ਐਸ.ਬੀ.ਆਈ.) ਦੀ ਇੱਕ ਸ਼ਾਖਾ ਵਿੱਚ ਕਲਰਕ ਅਮਿਤ ਢੀਂਗਰਾ ਵੱਲੋਂ ਗਾਹਕਾਂ ਦੇ ਖਾਤਿਆਂ, ਐਫ.ਡੀ. ਅਤੇ ਲਿਮਿਟ ਵਿੱਚੋਂ ਕਰੋੜਾਂ ਰੁਪਏ ਦੀ ਠੱਗੀ ਕਰਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਮੰਗਲਵਾਰ ਨੂੰ ਜਦੋਂ ਗਾਹਕ ਆਪਣੇ ਖਾਤੇ ਚੈੱਕ ਕਰਨ ਬੈਂਕ ਪਹੁੰਚੇ ਤਾਂ ਉਨ੍ਹਾਂ ਨੂੰ ਰਕਮ ਦੀ ਕਮੀ ਦਾ ਪਤਾ ਲੱਗਾ, ਜਿਸ ਨਾਲ ਬੈਂਕ ਦੇ ਬਾਹਰ ਅਫਰਾ-ਤਫਰੀ ਅਤੇ ਰੋਣ-ਧੋਣ ਦਾ ਮਾਹੌਲ ਬਣ ਗਿਆ। ਜਾਣਕਾਰੀ ਅਨੁਸਾਰ, ਗਾਹਕਾਂ ਨੇ ਖਾਤਿਆਂ ਵਿੱਚ ਗੜਬੜ ਵੇਖਕੇ ਬੈਂਕ ਦੇ ਡਿਪਟੀ ਮੈਨੇਜਰ ਸ਼ਸ਼ਾਂਕ ਅਰੋੜਾ ਨੂੰ ਸੂਚਿਤ ਕੀਤਾ।
ਜਾਂਚ ਵਿੱਚ ਪਤਾ ਲੱਗਾ ਕਿ ਪਿੰਡ ਕਾਉਣੀ ਦੇ ਬੂਟਾ ਸਿੰਘ ਦੇ ਖਾਤੇ ਵਿੱਚੋਂ 4.70 ਲੱਖ ਅਤੇ ਪਿੰਡ ਢਿੱਲਵਾਂ ਖੁਰਦ ਦੇ ਅਮਰੀਕ ਸਿੰਘ ਦੇ ਖਾਤੇ ਵਿੱਚੋਂ 4.85 ਲੱਖ ਰੁਪਏ ਗਾਇਬ ਸਨ। ਹੋਰ ਖਾਤਿਆਂ ਦੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਇਹ ਠੱਗੀ ਬੈਂਕ ਕਲਰਕ ਅਮਿਤ ਢੀਂਗਰਾ ਨੇ ਕੀਤੀ।
ਥਾਣਾ ਸਾਦਿਕ ਦੀ ਪੁਲਿਸ ਨੇ ਅਮਿਤ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਉਹ ਹਾਲੇ ਫਰਾਰ ਹੈ। ਬੁੱਧਵਾਰ ਸਵੇਰ ਤੱਕ ਇਹ ਖ਼ਬਰ ਖੇਤਰ ਵਿੱਚ ਫੈਲ ਗਈ ਅਤੇ ਲੋਕ ਵੱਡੀ ਗਿਣਤੀ ਵਿੱਚ ਆਪਣੇ ਖਾਤੇ ਚੈੱਕ ਕਰਨ ਬੈਂਕ ਪਹੁੰਚੇ। ਕਈ ਗਾਹਕਾਂ ਦੀਆਂ ਐਫ.ਡੀ.ਆਂ ਨਿਲ ਹੋ ਚੁੱਕੀਆਂ ਸਨ, ਜਦਕਿ ਕਈਆਂ ਦੀ ਲਿਮਿਟ ਵਿੱਚੋਂ ਵੀ ਰਕਮ ਕੱਢੀ ਗਈ ਸੀ। ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਅਤੇ ਗੁਰਦੀਪ ਕੌਰ ਦੀ 22 ਲੱਖ ਦੀ ਐਫ.ਡੀ. ਖਤਮ ਹੋ ਗਈ ਅਤੇ 5 ਲੱਖ ਦੀ ਲਿਮਿਟ ਵਿੱਚੋਂ 2.5 ਲੱਖ ਨਿਕਲੇ।
ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਚਾਰ ਐਫ.ਡੀ.ਆਂ, ਹਰੇਕ 4 ਲੱਖ ਦੀ, ਵਿੱਚੋਂ 3.5 ਲੱਖ ਨਿਕਲੇ ਅਤੇ ਨੌਮੀਨੀ ਵੀ ਬਦਲੀ ਗਈ। ਜਸਵਿੰਦਰ ਸਿੰਘ ਦੇ ਪਰਿਵਾਰ ਨਾਲ 56 ਲੱਖ ਦੀ ਠੱਗੀ ਹੋਈ। ਹੁਣ ਤੱਕ ਦੀ ਜਾਂਚ ਵਿੱਚ 5 ਕਰੋੜ ਦੀ ਠੱਗੀ ਸਾਹਮਣੇ ਆਈ ਹੈ ਅਤੇ ਜਾਂਚ ਜਾਰੀ ਹੈ।
ਬੈਂਕ ਦੇ ਫੀਲਡ ਅਧਿਕਾਰੀ ਸੁਸ਼ਾਂਤ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਚਾਰਜ ਸੰਭਾਲਿਆ ਅਤੇ ਉਨ੍ਹਾਂ ਨੂੰ ਠੱਗੀ ਦੀ ਜਾਣਕਾਰੀ ਮਿਲੀ ਹੈ। ਉਹ ਖਾਤਿਆਂ ਦੀ ਜਾਂਚ ਕਰਵਾ ਰਹੇ ਹਨ ਅਤੇ ਵਾਅਦਾ ਕੀਤਾ ਕਿ ਕਿਸੇ ਨਾਲ ਨਾ-ਇਨਸਾਫ਼ੀ ਨਹੀਂ ਹੋਵੇਗੀ। ਥਾਣਾ ਸਾਦਿਕ ਦੇ ਇੰਚਾਰਜ ਨਵਦੀਪ ਭੱਟੀ ਨੇ ਦੱਸਿਆ ਕਿ ਚਾਰ ਸ਼ਿਕਾਇਤਾਂ ਮਿਲੀਆਂ ਹਨ ਅਤੇ ਪੁਲਿਸ ਬੈਂਕ ਅਧਿਕਾਰੀਆਂ ਨਾਲ ਮਿਲ ਕੇ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਦੋਸ਼ੀ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ।