Punjab

SBI ਬਰਾਂਚ ਦੇ ਕਰਮਚਾਰੀਆਂ ਨੇ ਕੀਤਾ ਕਰੋੜਾਂ ਦਾ ਘਪਲਾ

ਬਠਿੰਡਾ : ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਬਠਿੰਡਾ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਸ਼ੇਖਪੁਰਾ ਬ੍ਰਾਂਚ ‘ਚ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਸ਼ੇਖਪੁਰਾ ਵਿਖੇ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਵਿੱਚੋਂ ਕਰੀਬ ਦੋ ਦਰਜਨ ਕਿਸਾਨਾਂ ਦੇ ਲੱਖਾਂ ਰੁਪਏ ਅਤੇ ਵੱਡੀ ਮਾਤਰਾ ਵਿੱਚ ਸੋਨਾ ਗਬਨ ਅਤੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ।

ਬੈਂਕ ‘ਚ ਤਾਇਨਾਤ ਕੈਸ਼ੀਅਰ ਹਰਵਿੰਦਰ ਸਿੰਘ ਤੇ ਹੋਰ ਬੈਂਕ ਦੇ ਮੁਲਾਜ਼ਮਾਂ ਵਲੋਂ ਭੋਲੇ-ਭਾਲੇ ਅਤੇ ਅਨਪੜ੍ਹ ਗਾਹਕਾਂ ਦੇ ਜਾਅਲੀ ਦਸਤਖਤ ਅਤੇ ਅੰਗੂਠੇ ਦੇ ਨਿਸ਼ਾਨ ਲਗਾ ਕੇ ਨਕਦੀ ਕਢਵਾਉਣ ਦੇ ਨਾਲ-ਨਾਲ ਗਾਹਕਾਂ ਦੇ ਲਾਕਰ ਵੀ ਚੋਰੀ ਕਰ ਲਏ ਗਏ ਹਨ। ਕੁਝ ਲੋਕਾਂ ਦੇ ਲਾਕਰਾਂ ‘ਚੋਂ ਸੋਨੇ-ਚਾਂਦੀ ਦੇ ਗਹਿਣੇ ਗਾਇਬ ਹੋ ਗਏ ਅਤੇ ਏ.ਟੀ.ਐੱਮ ਦੀ ਮਦਦ ਨਾਲ ਨਕਦੀ ਵੀ ਕਢਵਾਈ ਗਈ।

ਜਾਂਚ ਵਿੱਚ ਸਾਹਮਣੇ ਆਇਆ ਕਿ ਖਾਤਿਆਂ ਵਿੱਚੋਂ 39,41,400 ਰੁਪਏ ਗਾਇਬ ਪਾਏ ਗਏ। ਜਦੋਂਕਿ ਬੈਂਕ ਦੇ ਲਾਕਰ ‘ਚੋਂ 342 ਗ੍ਰਾਮ ਸੋਨੇ ਸਮੇਤ ਏ.ਟੀ.ਐਮ. ‘ਚੋਂ 15 ਲੱਖ 84 ਹਜ਼ਾਰ ਰੁਪਏ ਕਢਵਾ ਲਏ ਗਏ। 2 ਕਰੋੜ ਰੁਪਏ ਦੇ ਸੋਨੇ ਦੇ ਨਾਲ-ਨਾਲ ਕਰੀਬ 70 ਲੱਖ ਰੁਪਏ ਹੋਰ ਤਰੀਕਿਆਂ ਨਾਲ ਕਢਵਾ ਲਏ ਗਏ।

ਸ਼ੇਖਪੁਰਾ ਬ੍ਰਾਂਚ ਵਿਚ ਤਾਇਨਾਤ ਹੈੱਡ ਕੈਸ਼ੀਅਰ ਖ਼ਿਲਾਫ਼ ਥਾਣਾ ਤਲਵੰਡੀ ਸਾਬੋ ਵਿਖੇ ਹੇਰਾਫੇਰੀ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ। ਇਹ ਕਾਰਵਾਈ ਪੁਲਿਸ ਦੇ ਆਰਥਿਕ ਅਪਰਾਧ ਸ਼ਾਖਾ ਵਿੰਗ ਦੀ ਪੜਤਾਲੀਆ ਰਿਪੋਰਟ ਆਉਣ ਤੋਂ ਬਾਅਦ ਅਮਲ ਵਿਚ ਲਿਆਂਦੀ ਗਈ ਹੈ।  ਇਸ ਮਾਮਲੇ ’ਚ ਗਾਹਕਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਜਾਂਚ ਕੀਤੀ ਅਤੇ ਸ਼ੁਰੂਆਤੀ ਜਾਂਚ ’ਚ ਹੀ ਗਾਹਕਾਂ ਦੇ ਖਾਤਿਆਂ ’ਚੋਂ ਕੁੱਲ 39 ਲੱਖ, 41 ਹਜ਼ਾਰ 400 ਰੁਪਏ ਕਢਵਾਏ ਗਏ, ਜਦਕਿ 342 ਗ੍ਰਾਮ ਸੋਨਾ ਅਤੇ ਇਸੇ ਬੈਂਕ ਵਿੱਚ ਏ.ਟੀ.ਐੱਮ. ਮਸ਼ੀਨ ਭਰਨ ਸਮੇਂ 15,84,000 ਰੁਪਏ ਦੀ ਰਾਸ਼ੀ ਦਾ ਗਬਨ ਹੋਣ ਦਾ ਵੀ ਖੁਲਾਸਾ ਹੋਇਆ ਹੈ।

ਖੁਰਦ ਬੁਰਦ ਕੀਤੇ ਗਏ ਸੋਨੇ ਦੀ ਬਾਜ਼ਾਰੀ ਕੀਮਤ 2 ਕਰੋੜ 65 ਲੱਖ 68 ਹਜ਼ਾਰ ਰੁਪਏ ਬਣਦੀ ਹੈ। ਇਸੇ ਤਰ੍ਹਾਂ ਕੈਸ਼ੀਅਰ ਨੇ ਸਰਕਾਰ ਅਤੇ ਗਾਹਕਾਂ ਨਾਲ 3 ਕਰੋੜ 20 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੀੜਤ ਕਿਸਾਨਾਂ ਨੇ ਦੱਸਿਆ ਕਿ ਉਨਾਂ ਦੇ ਖਾਤਿਆਂ ਵਿੱਚ ਲੱਖਾਂ ਰੁਪਏ ਜਮਾਂ ਕਰਵਾਏ ਸਨ ਪਰ ਜਦੋਂ ਉਹ ਬੈਂਕ ਵਿੱਚੋਂ ਪੈਸੇ ਕਢਵਾਉਣ ਆਏ ਤਾਂ ਬੈਂਕ ਵੱਲੋਂ ਉਨ੍ਹਾਂ ਦੇ ਖਾਤੇ ਵਿੱਚ ਕੁਝ ਵੀ ਨਾ ਹੋਣ ਦਾ ਖੁਲਾਸਾ ਕੀਤਾ ਗਿਆ। ਜਿਸ ਤੋਂ ਬਾਅਦ ਕਿਸਾਨਾਂ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ, ਇੱਕ ਹੀ ਨਹੀਂ ਸਗੋਂ ਕਰੀਬ ਡੇਢ ਦਰਜਨ ਕਿਸਾਨ ਇਸ ਠੱਗੀ ਦਾ ਸ਼ਿਕਾਰ ਹੋਏ।

ਪੀੜਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਬੈਂਕ ਤੋਂ ਗੋਲਡ ਲੋਨ ਲਿਆ ਸੀ ਪਰ ਜਦੋਂ ਪੈਸੇ ਵਾਪਸ ਦੇਣ ਆਏ ਤਾਂ ਬੈਂਕ ਨੇ ਬੈਂਕ ਵਿੱਚੋਂ ਸੋਨੇ ਗੁੰਮ ਹੋਣ ਦੀ ਜਾਣਕਾਰੀ ਦਿੱਤੀ। ਬੇਸ਼ੱਕ ਹੁਣ ਪੁਲਿਸ ਨੇ ਇਸ ਮਾਮਲੇ ਵਿਚ ਬੈਂਕ ਦੇ ਕੈਸ਼ੀਅਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਡੀਐਸਪੀ ਤਲਵੰਡੀ ਸਾਬੋ ਇਸ਼ਾਂਤ ਸਿੰਗਲਾ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਹੈੱਡ ਕੈਸ਼ੀਅਰ ਹਰਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਹੈੱਡ ਕੈਸ਼ੀਅਰ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਮਾਮਲੇ ‘ਚ ਜਿਨ੍ਹਾਂ ਲੋਕਾਂ ਦੀ ਭੂਮਿਕਾ ਹੈ, ਉਨ੍ਹਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।