ਅੱਜ ਲੁਧਿਆਣਾ ਵਿੱਚ ਜ਼ਮੀਨ ਬਚਾਓ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ ਭਾਰਤ) ਵੱਲੋਂ ਅੱਜ 7 ਅਗਸਤ ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜੋਧਾ ਦੀ ਅਨਾਜ ਮੰਡੀ ਵਿੱਚ ਸਰਕਾਰ ਵਿਰੁੱਧ ਰੈਲੀ ਕੀਤੀ ਜਾ ਰਹੀ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਇਸ ਰੈਲੀ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚਣਗੇ ਅਤੇ ‘ਆਪ’ ਸਰਕਾਰ ‘ਤੇ ਵਰ੍ਹਣਗੇ।
ਡੱਲੇਵਾਲ ਨੇ ਦੋਸ਼ ਲਗਾਇਆ ਕਿ ਇਹ ਨੀਤੀ ਦਿੱਲੀ ਦੇ ਪੂੰਜੀਪਤੀਆਂ ਦੀ ਸ਼ਹਿ ‘ਤੇ ਲਿਆਂਦੀ ਗਈ ਹੈ, ਜਿਸ ਦਾ ਮਕਸਦ ਪੰਜਾਬ ਦੀਆਂ 65,000 ਏਕੜ ਤੋਂ ਵੱਧ ਉਪਜਾਊ ਜ਼ਮੀਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਹੈ। ਇਸ ਨਾਲ ਕਣਕ, ਝੋਨੇ ਅਤੇ ਸਬਜ਼ੀਆਂ ਦੀ ਪੈਦਾਵਾਰ ਨੂੰ ਨੁਕਸਾਨ ਪਹੁੰਚੇਗਾ, ਜਿਸ ਨਾਲ ਅਨਾਜ ਸੰਕਟ ਪੈਦਾ ਹੋ ਸਕਦਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਇਹ ਨੀਤੀ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਸਥਾਨਕ ਅਰਥਚਾਰੇ ਨੂੰ ਬਰਬਾਦ ਕਰ ਸਕਦੀ ਹੈ। ਉਨ੍ਹਾਂ ਨੇ 2011 ਦੀ “ਲੈਂਡ ਪੂਲਿੰਗ ਨੀਤੀ” ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਸਮੇਂ ਐਕੁਆਇਰ ਕੀਤੀ ਜ਼ਮੀਨ ਦੇ ਬਦਲੇ ਕਿਸਾਨਾਂ ਨੂੰ ਨਾ ਪਲਾਟ ਮਿਲੇ ਅਤੇ ਨਾ ਹੀ ਵਿਕਾਸ ਹੋਇਆ, ਜਿਸ ਕਾਰਨ ਕਈ ਪਰਿਵਾਰ ਵਿੱਤੀ ਸੰਕਟ ਵਿੱਚ ਫਸ ਗਏ। ਉਨ੍ਹਾਂ ਨੇ ਸਰਕਾਰ ਦੀ ਅਸੰਵੇਦਨਸ਼ੀਲਤਾ ‘ਤੇ ਵੀ ਸਵਾਲ ਚੁੱਕੇ, ਜਿਸ ਨੇ ਪਿਛਲੇ ਸਾਲ ਝੋਨੇ ਦੀ ਲੁੱਟ ਅਤੇ ਖਰੀਦ-ਸਟੋਰੇਜ ਦੇ ਪ੍ਰਬੰਧਾਂ ਵਿੱਚ ਨਾਕਾਮੀ ਦਿਖਾਈ।
ਇਸ ਵਿਰੋਧ ਨੂੰ ਹੋਰ ਮਜ਼ਬੂਤ ਕਰਨ ਲਈ ਕਿਸਾਨ ਮੋਰਚੇ ਨੇ ਸੂਬੇ ਭਰ ਦੇ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਅਤੇ ਦੁਕਾਨਦਾਰਾਂ ਨੂੰ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਅਗਲੇ ਪੜਾਅ ਵਿੱਚ, 10 ਅਗਸਤ ਨੂੰ ਹਰਿਆਣਾ, 11 ਅਗਸਤ ਨੂੰ ਰਾਜਸਥਾਨ, 14 ਅਗਸਤ ਨੂੰ ਮੱਧ ਪ੍ਰਦੇਸ਼, 16 ਅਗਸਤ ਨੂੰ ਪੰਜਾਬ (ਬਾਬਾ ਬਕਾਲਾ), ਅਤੇ 17-18 ਅਗਸਤ ਨੂੰ ਉੱਤਰ ਪ੍ਰਦੇਸ਼ ਵਿੱਚ ਮਹਾਂਪੰਚਾਇਤਾਂ ਦਾ ਆਯੋਜਨ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਨੀਤੀ ਵਾਪਸ ਨਹੀਂ ਲਈ ਜਾਂਦੀ, ਸੰਘਰਸ਼ ਜਾਰੀ ਰਹੇਗਾ