India Punjab

ਸੌਦਾ ਸਾਧ ਨੇ ਸਿਆਸੀ ਪੱਤੇ ਖੋਲ੍ਹਣੇ ਕੀਤੇ ਸ਼ੂਰੂ

ਦ ਖ਼ਾਲਸ ਬਿਊਰੋ : ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੇ ਚਿਰਾਂ ਤੋਂ ਛਾਤੀ ਨਾਲ ਲਾ ਕੇ ਰੱਖੇ ਸਿਆਸੀ ਪੱਤੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਭਾਵੇਂ ਪੂਰੇ ਅਮਲ ਨੂੰ ਗੁਪਤ ਰੱਖਿਆ ਜਾ ਰਿਹਾ ਹੈ ਪਰ ਡੇਰੇ ਵੱਲੋਂ ਪ੍ਰੇਮੀਆਂ ਨੂੰ ਲਾਏ ਜਾ ਰਹੇ ਸੁਨੇਹਿਆਂ ਤੋਂ ਡੇਰੇ ਦੇ ਕਿਸੇ ਇੱਕ ਪਾਰਟੀ ਦੇ ਹੱਕ ਵਿੱਚ ਨਾ ਭੁਗਤਣ ਦੇ ਸੰਕੇਤ ਮਿਲਣ ਲੱਗੇ ਹਨ।

ਡੇਰਾ ਇਸ ਵਾਰ ਕਿਸੇ ਇੱਕ ਪਾਰਟੀ ਦੇ ਪੱਖ ਵਿੱਚ ਨਹੀਂ ਭੁਗਤ ਰਿਹਾ ਸਗੋਂ ਵੱਖ ਵੱਖ ਸਰਕਲਾਂ ਤੋਂ ਅੱਡ-ਅੱਡ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਮਾਇਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਡੇਰਾ ਸੂਤਰਾਂ ਅਨੁਸਾਰ ਇਸ ਵਾਰ ਭਾਜਪਾ, ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਹੀ ਸਮਰਥਨ ਦੇਣ ਦਾ ਫੈਸਲਾ ਕੀਤਾ ਗਿਆ ਹੈ। ਡੇਰੇ ਵੱਲੋਂ ਇਸ ਵਾਰ ਕਾਂਗਰਸ ਨੂੰ ਦੂਰੀ ਬਣਾ ਕੇ ਰੱਖਣ ਦਾ ਫੈਸਲਾ ਲਿਆ ਗਿਆ ਹੈ। ਡੇਰੇ ਵੱਲੋਂ ਇਸ ਵਾਰ ਪਾਰਟੀ ਦੀ ਥਾਂ ਉਮੀਦਵਾਰਾਂ ਨੂੰ ਪਹਿਲ ਦਿੱਤੀ ਗਈ ਹੈ। ਸੂਤਰਾਂ ਅਨੁਸਾਰ ਬਠਿੰਡਾ ਜ਼ਿਲ੍ਹੇ ਦੇ ਮੌੜ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਦਿਆਲ ਦਾਸ ਸੋਢੀ ਦੀ ਹਮਾਇਤ ਕੀਤੀ ਗਈ ਹੈ। ਬਠਿੰਡਾ ਸ਼ਹਿਰੀ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦੀ ਗੱਲ ਸਾਹਮਣੇ ਆਈ ਹੈ। ਬਠਿੰਡਾ ਦਿਹਾਤੀ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਦੀ ਹਮਾਇਤ ਕੀਤੀ ਗਈ ਹੈ। ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਿੰਸੀਪਲ ਬੁੱਧ ਰਾਮ ਨੂੰ ਹਮਾਇਤ ਦਿੱਤੀ ਗਈ ਹੈ ਅਤੇ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋਂ ਅਕਾਲੀ ਦਲ ਦੇ ਉਮੀਦਵਾਰ ਦਿਲਰਾਜ ਸਿੰਘ ਭੂੰਦੜ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਦੱਸ ਦੇਈਏ ਕਿ ਪੰਜਾਬ ਚੋਣਾਂ ‘ਚ ਡੇਰਾ ਸਿਰਸਾ ਅਹਿਮ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਇਨ੍ਹੀਂ ਦਿਨੀਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਫਰਲੋ ‘ਤੇ ਹੈ। ਪੰਜਾਬ ਵਿਸ਼ੇਸ਼ ਕਰਕੇ ਮਾਲਵਾ ਖੇਤਰ ਵਿੱਚ ਅਜਿਹੀਆਂ ਕਈ ਸੀਟਾਂ ਹਨ, ਜਿੱਥੇ ਡੇਰਾ ਸਮਰਥਕਾਂ ਦੀ ਵੋਟ ਅਹਿਮ ਭੂਮਿਕਾ ਰਹੀ ਹੈ। ਪੰਜਾਬ ਦੇ ਮਾਲਵੇ ਖ਼ਿੱਤੇ ‘ਚ ਡੇਰੇ ਦਾ ਵੱਡਾ ਵੋਟ ਬੈਂਕ ਹੈ। ਇਸ ਤੋਂ ਇਲਾਵਾ ਹਰਿਆਣਾ ਤੇ ਦਿੱਲੀ ਚੋਣਾਂ ‘ਚ ਵੀ ਡੇਰੇ ਦੇ ਪ੍ਰਭਾਵ ਨੂੰ ਮਨਫ਼ੀ ਨਹੀਂ ਕੀਤਾ ਜਾ ਸਕਦਾ। ਡੇਰੇ ਦੇ ਤਾਜ਼ਾ ਫੈਸਲੇ ਨੇ ਜਿਵੇਂ ਕਿ ਸਮਝਿਆ ਜਾ ਰਿਹਾ ਸੀ ਕਿ ਇਹ ਚੋਣ ਸਮੀਕਰਨ ਬਦਲ ਸਕਦਾ ਹੈ, ਉਸ ਸੰਦਰਭ ਵਿੱਚ ਰੱਖ ਕੇ ਹੁਣ ਨਹੀਂ ਵੇਖਿਆ ਜਾਵੇਗਾ।