India

‘ਆਪ’ ਨੂੰ ਵੱਡੀ ਰਾਹਤ! ਮਨੀ ਲਾਂਡਰਿੰਗ ਮਾਮਲੇ ’ਚ ਸਤੇਂਦਰ ਜੈਨ ਨੂੰ 2 ਸਾਲ ਬਾਅਦ ਜ਼ਮਾਨਤ, 2022 ’ਚ ਕੀਤਾ ਸੀ ਗ੍ਰਿਫ਼ਤਾਰ

ਬਿਉਰੋ ਰਿਪੋਰਟ: ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਨੂੰ ਅੱਜ ਸ਼ੁੱਕਰਵਾਰ ਨੂੰ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਜ਼ਮਾਨਤ ਦਿੰਦੇ ਹੋਏ ਅਦਾਲਤ ਨੇ ਕਿਹਾ ਕਿ ਮੁਕੱਦਮੇ ਦੇ ਜਲਦੀ ਖ਼ਤਮ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।

ਈਡੀ ਨੇ ਸੀਬੀਆਈ ਵੱਲੋਂ ਦਰਜ ਐਫਆਈਆਰ ਦੇ ਆਧਾਰ ’ਤੇ 24 ਅਗਸਤ 2017 ਨੂੰ ਜੈਨ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ਵਿੱਚ ਜਾਂਚ ਸ਼ੁਰੂ ਕੀਤੀ ਸੀ। ਈਡੀ ਨੇ ਇਲਜ਼ਾਮ ਲਾਇਆ ਸੀ ਕਿ ਸਤੇਂਦਰ ਜੈਨ ਨੇ ਉਸ ਨਾਲ ਜੁੜੀਆਂ 4 ਕੰਪਨੀਆਂ ਰਾਹੀਂ ਮਨੀ ਲਾਂਡਰਿੰਗ ਕੀਤੀ ਸੀ।

ਈਡੀ ਨੇ ਇਲਜ਼ਾਮ ਲਾਇਆ ਸੀ ਕਿ ਜੈਨ ਨੇ 14 ਫਰਵਰੀ 2015 ਤੋਂ 31 ਮਈ 2017 ਦਰਮਿਆਨ ਕਈ ਲੋਕਾਂ ਦੇ ਨਾਂ ’ਤੇ ਚੱਲ ਜਾਇਦਾਦਾਂ ਖ਼ਰੀਦਣ ਲਈ ਇਨ੍ਹਾਂ ਫਰਜ਼ੀ ਕੰਪਨੀਆਂ ਰਾਹੀਂ ਪ੍ਰਾਪਤ ਕੀਤੇ ਪੈਸੇ ਦੀ ਵਰਤੋਂ ਕੀਤੀ। ਇਸ ਤੋਂ ਇਲਾਵਾ ਦਿੱਲੀ ਅਤੇ ਇਸ ਦੇ ਆਸ-ਪਾਸ ਖੇਤੀ ਵਾਲੀ ਜ਼ਮੀਨ ਦੀ ਖ਼ਰੀਦਦਾਰੀ ਲਈ ਕਰਜ਼ਾ ਮੋੜਨ ਲਈ ਵਰਤਿਆ ਜਾਂਦਾ ਸੀ।

ਜਾਂਚ ਏਜੰਸੀ ਨੇ ਦੋਸ਼ ਲਗਾਇਆ ਸੀ ਕਿ ਮਾਮਲੇ ’ਚ ਸਤੇਂਦਰ ਤੋਂ ਪੁੱਛਗਿੱਛ ਕੀਤੀ ਗਈ ਸੀ। ਜਿਸ ਵਿੱਚ ਉਹ ਤਸੱਲੀਬਖਸ਼ ਹਿਸਾਬ ਨਹੀਂ ਦੇ ਸਕਿਆ। ਸਤੇਂਦਰ ਤੋਂ ਇਲਾਵਾ ਪੂਨਮ ਜੈਨ, ਅਜੀਤ ਪ੍ਰਸਾਦ ਜੈਨ, ਸਨਿਲ ਕੁਮਾਰ ਜੈਨ, ਵੈਭਵ ਜੈਨ ਅਤੇ ਅੰਕੁਸ਼ ਜੈਨ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਸਤੇਂਦਰ ਨੂੰ 30 ਮਈ 2022 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।