‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕੱਲ੍ਹ ਮੋਗਾ ਵਿੱਚ ਸੁਖਬੀਰ ਬਾਦਲ ਦੀ ਰੈਲੀ ਦਾ ਵਿਰੋਧ ਕਰਨ ਪਹੁੰਚੇ ਕਿਸਾਨਾਂ ‘ਤੇ ਹੋਏ ਪੁਲਿਸ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਕੱਲ੍ਹ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਕਰੂਰਤਾ ਪੂਰਨ ਤਰੀਕੇ ਦੇ ਨਾਲ ਮੋਗਾ ਵਿੱਚ ਕਿਸਾਨਾਂ ‘ਤੇ ਲਾਠੀਚਾਰਜ ਕੀਤਾ, ਇਸ ਨਾਲ ਕੈਪਟਨ ਨੇ ਕਿਸਾਨਾਂ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਉਸਦੀ ਵੀ ਮੋਦੀ-ਅਮਿਤ ਸ਼ਾਹ ਦੇ ਨਾਲ ਸਾਂਝ ਹੈ ਅਤੇ ਮੈਂ ਖੱਟਰ ਨਾਲੋਂ ਘੱਟ ਨਹੀਂ ਹੈ। ਮੋਗਾ ਵਿੱਚ ਕਿਸਾਨਾਂ ਦੇ ਜਿਵੇਂ ਸਿਰ ਪਾੜੇ ਗਏ, ਉਨ੍ਹਾਂ ਨੂੰ ਭਜਾ-ਭਜਾ ਕੇ ਕੁੱਟਿਆ ਗਿਆ, ਇੱਕ ਜਣੇ ਨੂੰ ਪੰਜ-ਪੰਜ ਕੁੱਟਦੇ ਨਜ਼ਰ ਆਏ, ਕਿਸਾਨਾਂ ਦੀਆਂ ਪੱਗਾਂ ਲਾਹੀਆਂ ਗਈਆਂ, ਇਹ ਸੱਚਾਈ ਨੂੰ ਬਿਆਨ ਕਰਦੀਆਂ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦੀ ਪਿਛਲੇ ਪੰਜਾਂ ਸਾਲਾਂ ਦੀ ਇਹ ਧਾਰਨਾ ਠੀਕ ਕਰ ਦਿੱਤੀ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਰਲੇ ਹੋਏ ਹਨ। ਕੈਪਟਨ ਸਰਕਾਰ ਨੇ ਕੱਲ੍ਹ ਸੁਖਬੀਰ ਬਾਦਲ ਦੀ ਰੈਲੀ ਕਰਵਾਉਣ ਲਈ ਜਿਵੇਂ ਕਿਸਾਨਾਂ ‘ਤੇ ਤਸ਼ੱਦਦ ਕੀਤਾ ਹੈ, ਉਸ ਤੋਂ ਇਹ ਗੱਲ ਸਾਫ਼ ਹੋ ਰਹੀ ਹੈ। ਕੱਲ੍ਹ ਸਾਰਾ ਕੁੱਝ ਸ਼ਾਂਤਮਈ ਹੋ ਰਿਹਾ ਸੀ ਪਰ ਪੁਲਿਸ ਨੂੰ ਨਿਰਦੇਸ਼ ਹੀ ਇਸ ਕਿਸਮ ਦੇ ਦਿੱਤੇ ਗਏ ਸਨ ਕਿ ਕਿਸਾਨਾਂ ਨੂੰ ਕੁੱਟਣਾ ਹੀ ਕੁੱਟਣਾ ਹੈ। ਸਰਕਾਰ ਇਸ ਮੁੱਦੇ ਦਾ ਧਿਆਨ ਹੋਰ ਕਿਸੇ ਪਾਸੇ ਭਟਕਾਉਣ ਲਈ ਇਹ ਸਭ ਕਰਵਾ ਰਹੀ ਹੈ।
ਪੰਧੇਰ ਨੇ ਸਿਆਸੀ ਪਾਰਟੀਆਂ ਨੂੰ ਲਾਲੀਪਾਪ ਦਿੰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਸੀਂ ਤੁਹਾਨੂੰ ਚੋਣ ਪ੍ਰਚਾਰ ਲਈ ਸਮਾਂ ਦੇ ਦਿਆਂਗੇ ਪਰ ਅਕਾਲੀ ਦਲ ਨੂੰ ਤਾਂ ਸਭ ਤੋਂ ਜ਼ਿਆਦਾ ਕਾਹਲ ਹੈ। ਅਕਾਲੀ ਦਲ ਜਿਸ ਤਰੀਕੇ ਨਾਲ ਚੋਣ ਪ੍ਰਚਾਰ ਕਰ ਰਿਹਾ ਹੈ, ਉਹ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਅੱਜ ਅੰਮ੍ਰਿਤਸਰ ਹਰੀਕੇ ਮੁੱਖ ਮਾਰਗ ਚੱਬਾ ਚੌਂਕ ਵਿਖੇ ਜਾਮ ਕਰਕੇ ਮੋਗਾ ਵਿੱਚ ਕਿਸਾਨਾਂ ‘ਤੇ ਹੋਏ ਪੁਲਿਸ ਲਾਠੀਚਾਰਜ ਦੇ ਵਿਰੋਧ ਵਿੱਚ ਕੈਪਟਨ ਸਰਕਾਰ ਦੀ ਅਰਥੀ ਫੂਕੀ ਤੇ ਭਾਰੀ ਨਾਅਰੇਬਾਜ਼ੀ ਕੀਤੀ। ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਾਲੀ ਦਲ ਦੀ ਰੈਲੀ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰਦੇ ਕਿਸਾਨਾਂ ਉੱਤੇ ਪੁਲਿਸ ਵੱਲੋਂ ਭਾਰੀ ਲਾਠੀਚਾਰਜ ਕੀਤਾ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ, ਨਿਹੱਥੇ ਕਿਸਾਨਾਂ ਨੂੰ ਬੁਰੀ ਤਰ੍ਹਾਂ ਛੱਲੀਆਂ ਵਾਂਗ ਕੁੱਟਿਆ ਗਿਆ।