ਸ਼ੰਭੂ ਬਾਰਡਰ ‘ਤੇ ਅੱਜ ਤਰਨਤਾਰਨ ਦੇ ਪਿੰਡ ਪਹੁਵਿੰਡ ਦੇ ਰਹਿਣ ਵਾਲੇ ਕਿਸਾਨ ਰੇਸ਼ਮ ਸਿੰਘ ਨੇ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਜਾਣਕਾਰੀ ਮੁਤਾਬਕ ਪ੍ਰਾਣ ਤਿਆਗਣ ਤੋਂ ਪਹਿਲਾਂ ਰੇਸ਼ਮ ਸਿੰਘ ਨੇ ਸਾਥੀ ਕਿਸਾਨਾਂ ਨੂੰ ਦੱਸਿਆ ਕੇ ਉਸਨੇ ਇਹ ਕਦਮ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਅਤੇ ਡੱਲੇਵਾਲ ਦੇ ਮਰਨ ਵਰਤ ਮਗਰੋਂ ਵੀ ਗੱਲ ਅੱਗੇ ਨਾ ਤੋਰਨ ਦੇ ਰੋਸ ਵਜੋਂ ਚੁੱਕਿਆ ਹੈ।
ਹੁਣ ਇਸੇ ਨੂੰ ਲੈ ਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਮੰਗ ਕੀਤੀ ਹੈ ਕਿ ਮੋਦੀ ਸਰਕਾਰ ‘ਤੇ ਪਰਚਾ ਹੋਣਾ ਚਾਹੀਦਾ ਹੈ ਅਤੇ ਪੀੜਿਤ ਪਰਿਵਾਰ ਨੂੰ 25 ਲੱਖ ਮੁਆਵਜ਼ਾ, ਇੱਕ ਨੌਕਰੀ ਅਤੇ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ਾ ਮਾਫ ਹੋਣਾ ਚਾਹੀਦਾ ਹੈ। ਪੰਧੇਰ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਇਸ ਬਾਬਤ ਕੋਈ ਢੁਕਵਾਂ ਕਦਮ ਚੁੱਕੇ।
ਪੰਧੇਰ ਨੇ ਕਿਹਾ ਕਿ ਇਹ ਮੰਗਾਂ ਪੂਰੀਆਂ ਹੋਣ ਤੱਕ ਮ੍ਰਿਤਕ ਕਿਸਾਨ ਰੇਸ਼ਮ ਸਿੰਘ ਦੀ ਦੇਹ ਦਾ ਨਾ ਤਾਂ ਪੋਸਟਮਾਰਟਮ ਕੀਤਾ ਜਾਵੇਗਾ ਅਤੇ ਨਾ ਹੀ ਸਸਕਾਰ ਕੀਤਾ ਜਾਵੇਗਾ।
ਦੱਸ ਦਈਏ ਕਿ ਅੱਜ ਸਵੇਰੇ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਸ਼ੰਭੂ ਬਾਰਡਰ ‘ਤੇ ਕਿਸਾਨ ਨੇ ਸਲਫ਼ਾਸ ਨਿਗਲੀ ਲਈ ਸੀ, ਜਿਸ ਤੋਂ ਬਾਅਦ ਕਿਸਾਨ ਨੂੰ ਗੰਭੀਰ ਹਾਲਤ ‘ਚ ਰਾਜਪੁਰਾ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਕਿਸਾਨ ਦੀ ਪਛਾਣ ਰੇਸ਼ਮ ਸਿੰਘ ਪਿਤਾ ਜਗਤਾਰ ਸਿੰਘ, ਪਿੰਡ ਪਹੂ ਵਿੰਡ ਜਿਲਾ ਤਰਤਾਰਨ ਵਜੋਂ ਹੋਈ ਹੈ।