Punjab

ਕਿਸਾਨ ਆਗੂ ਨੇ ਦਿਖਾਏ ਸਬੂਤ, ਕਿਹਾ ਸਿੰਘੂ ਬਾਰਡਰ ‘ਤੇ ਹਮਲਾ ਕਰਨ ਵਾਲੇ ਆਜ਼ਾਦ ਘੁੰਮ ਰਹੇ

ਜੰਡਿਆਲਾ ਗੁਰੂ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਪੰਧੇਰ ਨੇ 29 ਜਨਵਰੀ ਨੂੰ ਰੇਲ ਟ੍ਰੈਕ ਦੇਵੀਦਾਸ ਪੁਰਾ ਜੰਡਿਆਲਾ ਗੁਰੂ ਤੋਂ ਜਾਰੀ ਕੀਤੇ ਇੱਕ ਵੀਡੀਓ ਸੰਦੇਸ਼ ਵਿੱਚ ਸਾਰਿਆਂ ਨੂੰ ਅੱਜ ਦੇ ਬੰਦ ਨੂੰ ਕਾਮਯਾਬ ਬਣਾਉਣ ਦੀ ਅਪੀਲ ਕੀਤੀ ਹੈ।

ਰੇਲਵੇ ਆਵਾਜਾਈ ਬੰਦ ਕਰਨ ਦੇ ਇਸ ਸੱਦੇ ਦੇ ਕਾਰਨ ਬਾਰੇ ਦੱਸਦਿਆਂ ਉਹਨਾਂ ਅੱਜ ਤੋਂ ਦੋ ਸਾਲ ਪਹਿਲਾਂ ਸਿੰਘੂ ਬਾਰਡਰ ‘ਤੇ ਹੋਏ ਹਮਲੇ ਦੀ ਗੱਲ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਅਮਨ ਡਬਾਸ ਤੇ ਪ੍ਰਦੀਪ ਖੱਤਰੀ ਦੀ ਹਾਲੇ ਤੱਕ ਗ੍ਰਿਫਤਾਰੀ ਨਾ ਹੋਣ ਕਰਕੇ ਵੀ ਸਰਕਾਰ ‘ਤੇ ਸਵਾਲ ਚੁੱਕੇ ਹਨ। ਦੋ ਸਾਲ ਪਹਿਲਾਂ ਦਿੱਲੀ ਅੰਦੋਲਨ ਦੌਰਾਨ ਸਿੰਘੂ ਸਥਿਤ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ, ਜਿਸਨੂੰ ਮਾਝੇ ਵਾਲਿਆਂ ਦੀ ਸਟੇਜ ਵੀ ਕਿਹਾ ਜਾਂਦਾ ਸੀ, ਤੇ  ਅਮਨ ਡੱਬਾਸ ਅਤੇ ਪ੍ਰਦੀਪ ਖਤ੍ਰੀ ਦੀ ਅਗਵਾਹੀ ਵਿਚ ਕਰੀਬ 250 ਲੋਕਾਂ ਦੇ ਹਜ਼ੂਮ ਨੇ 29 ਜਨਵਰੀ 2021 ਨੂੰ ਸਵੇਰੇ 10 ਵਜੇ ਦੇ ਕਰੀਬ ਹਮਲਾ ਕੀਤਾ।

ਹਮਲਾਵਰਾਂ ਵੱਲੋਂ ਔਰਤਾਂ ਦੇ ਕੈਂਪ ਵਾਲਾ ਟੈਂਟ ਪਾੜਿਆ ਗਿਆ, ਪੈਟਰੋਲ ਬੰਬ ਸੁੱਟ ਕੇ ਅੱਗ ਲਾਈ ਗਈ ਅਤੇ ਦਿੱਲੀ ਪੁਲਿਸ ਵੱਲੋਂ ਹਮਲਾਵਰਾਂ ਦੀ ਬਜਾਏ ਕਿਸਾਨਾਂ ‘ਤੇ ਲਾਠੀ ਚਾਰਜ਼ ਕੀਤਾ ਗਿਆ, ਹੰਝੂ ਗੈਸ ਦੇ ਗੋਲੇ ਸੁੱਟੇ ਗਏ | ਪਰ ਵੀਡੀਓ ਸਬੂਤ  ਹੋਣ ਦੇ ਬਾਵਜੂਦ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ, ਇਸ ਕਰਕੇ ਅੱਜ ਪੰਜਾਬ ਦੇ 12 ਜਿਲ੍ਹਿਆਂ ਵਿਚ 15 ਥਾਵਾਂ ‘ਤੇ 3 ਘੰਟੇ ਦਾ ਸੰਕੇਤਕ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ।

ਪੰਧੇਰ ਨੇ ਸਬੂਤਾਂ ਦੇ ਤੌਰ ‘ਤੇ ਹਮਲੇ ਵੇਲੇ ਦੀਆਂ ਤਸਵੀਰਾਂ ਦਿਖਾਉਂਦੇ ਹੋਏ ਦਾਅਵਾ ਕੀਤਾ ਕਿ ਸਿੰਘੂ ਬਾਰਡਰ ‘ਤੇ ਹਮਲਾ ਕਰਨ ਵਾਲਿਆਂ ਦੇ ਸਿੱਧੇ ਸੰਬੰਧ ਭਾਜਪਾ ਨਾਲ ਸੀ ਤੇ ਇਹਨਾਂ ਨਾਲ ਮਿਲੀਭੁਗਤ ਕਰ ਕੇ ਪੁਲਿਸ ਪ੍ਰਸ਼ਾਸਨ ਨੇ ਹਮਲਾਵਰਾਂ ਨੂੰ ਰੋਕਣ ਦੀ ਬਜਾਇ ਧਰਨਾਕਾਰੀਆਂ ‘ਤੇ ਹੀ ਕਾਰਵਾਈ ਕੀਤੀ ਤੇ ਕੇਸ ਦਰਜ ਕਰ ਦਿੱਤੇ।

ਇਸ ਹਮਲਾ ਕਰਨ ਵਾਲੀ ਟੀਮ ਦੀ ਅਗਵਾਈ ਕਰਨ ਵਾਲੇ ਅਮਨ ਡਬਾਸ ਤੇ ਪ੍ਰਦੀਪ ਖੱਤਰੀ ਹਾਲੇ ਤੱਕ ਬਾਹਰ ਆਜ਼ਾਦ ਘੁੰਮ ਰਹੇ ਹਨ। ਇਸ ਲਈ ਅੱਜ ਦੀ ਇਹ ਰੇਲਾਂ ਰੋਕਣ ਦੀ ਕਾਰਵਾਈ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਲਈ,ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਮਾਰਨ ਵਾਲੇ ਮਿਸ਼ਰਾ ਪਿਉ-ਪੁੱਤ ‘ਤੇ ਕਾਰਵਾਈ ਦੀ ਮੰਗ,ਬਿਜਲੀ ਸੰਸ਼ੋਧਨ ਬਿੱਲ 2020 ਦਾ ਖਰੜਾ ਵਾਪਸ ਲੈਣ, ਪਾਣੀਆਂ ਦਾ ਮੁੱਦਾ,ਐਕੁਆਇਰ ਕੀਤੀਆਂ ਜ਼ਮੀਨਾਂ ਦਾ ਯੋਗ ਮੁਆਵਜ਼ਾ ਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਫੈਲਾਉਣ ਵਾਲੀਆਂ ਇਕਾਈਆਂ  ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਵੀ ਇਹ ਸੱਦਾ ਦਿੱਤਾ ਗਿਆ ਹੈ।