ਬਿਉਰੋ ਰਿਪੋਰਟ: 31 ਅਗਸਤ ਨੂੰ ਸ਼ੰਭੂ ਬਾਰਡਰ ਮੋਰਚੇ ਦੇ 200 ਦਿਨ ਪੂਰੇ ਹੋ ਰਹੇ ਹਨ ਤੇ ਇਸ ਮੌਕੇ ਲੱਖਾਂ ਦੀ ਗਿਣਤੀ ਵਿੱਚ ਕਿਸਾਨ-ਮਜ਼ਦੂਰ ਤੇ ਮਾਤਾਵਾਂ-ਭੈਣਾਂ ਮੋਰਚੇ ਵਿੱਚ ਸ਼ਮੂਲੀਅਤ ਕਰਨਗੀਆਂ। ਇਸ ਦੇ ਸਬੰਧ ਵਿੱਚ ਕਿਸਾਨ ਆਗੂਆਂ ਵੱਲੋਂ ਮੋਰਚੇ ਦੇ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਕਿਸਾਨ ਤੇ ਮਜ਼ਦੂਰ 31 ਅਗਸਤ ਜਾਂ ਉਸ ਤੋਂ ਪਹਿਲਾਂ ਮੋਰਚੇ ਵਿੱਚ ਪਹੁੰਚਣ।
ਵੀਡੀਓ ਜਾਰੀ ਕਰਦਿਆਂ ਸਰਵਣ ਸਿੰਘ ਪੰਧੇਰ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਵੀ ਕਿਸਾਨਾਂ ਪ੍ਰਤੀ ਉਨ੍ਹਾਂ ਦੇ ਵਿਵਾਦਿਤ ਬਿਆਨ ਲਈ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਿੱਟੂ ਜੀ ਇਹ ਹਿੰਡਨਬਰਗ ਨੂੰ ਪੁੱਛ ਲੈਣ ਕਿ ਭਾਰਤ ਅੰਦਰ ਸਭ ਤੋਂ ਜ਼ਿਆਦਾ ਘਪਲੇ ਕੌਣ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬਿੱਟੂ ਸੇਬੀ ਦੀ ਚੇਰਪਰਸਨ ’ਤੇ ਲੱਗੇ ਇਲਜ਼ਾਮਾਂ ਦਾ ਜਵਾਬ ਦੇਣ ਅਤੇ ਇਹ ਵੀ ਦੱਸਣ ਕਿ ਚੋਣ ਬਾਂਡ ਵਿੱਚ ਕਿਸਨੇ ਫੰਡਿੰਗ ਲਈ ਸੀ?
ਪੰਧੇਰ ਨੇ ਕਿਹਾ ਕਿ ਭਾਜਪਾ ਵੱਲੋਂ ਅਕਸਰ ਹੀ ਕਿਸਾਨਾਂ ’ਤੇ ਇਸ ਤਰ੍ਹਾਂ ਦੇ ਇਲਜ਼ਾਮ ਲਾਏ ਜਾਂਦੇ ਹਨ। ਪਰ ਇਸ ਨਾਲ ਕਿਸਾਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਕਿਸਾਨ ਅੰਦੋਲਨ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਦਾਅਵਾ ਕੀਤਾ ਹੈ ਕਿ ਉਹ ਮੋਦੀ ਸਰਕਾਰ ਕੋਲੋਂ ਕਿਸਾਨਾਂ-ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕਰਵਾਉਣਗੇ ਅਤੇ MSP ਗਰੰਟੀ ਕਾਨੂੰਨ ਵੀ ਬਣਵਾਉਣਗੇ। ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਪੈਣਗੀਆਂ।
ਕੋਲਕਾਤਾ ਜ਼ਬਰਜਨਾਹ-ਕਤਲ ਮਾਮਲੇ ‘ਤੇ ਬਿਆਨ
ਇਸ ਤੋਂ ਇਲਾਵਾ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੋਲਕਾਤਾ ਮਹਿਲਾ ਟ੍ਰੇਨੀ ਡਾਕਟਰ ਨਾਲ ਜ਼ਬਰਜਨਾਹ ਤੇ ਕਤਲ ਦੇ ਮਾਮਲੇ ਵਿੱਚ ਹੋ ਰਹੇ ਪ੍ਰਦਰਸ਼ਨਾਂ ‘ਤੇ ਪੁਲਿਸ ਵੱਲੋਂ ਕੀਤੇ ਬਲ ਪ੍ਰਯੋਗ ਦੀ ਵੀ ਨਿੰਦਾ ਕੀਤੀ ਹੈ। ਉੱਧਰ SC-ST ਰਾਖਵੇਂਕਰਨ ਸਬੰਧੀ ਬੀਤੇ ਦਿਨ ਦਲਿਤ ਅਤੇ ਆਦੀਵਾਸੀ ਸਮਾਜ ਵੱਲੋਂ ਬੁਲਾਏ ਬੰਦ ਦੌਰਾਨ ਵੀ ਬਿਹਾਰ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਜਿਸ ਦਾ ਉਨ੍ਹਾਂ ਨੇ ਸਖ਼ਤ ਵਿਰੋਧ ਕੀਤਾ। ਇਸ ਦੌਰਾਨ ਬਿਹਾਰ ਪੁਲਿਸ ਵੱਲੋਂ ਲੋਕਾਂ ਨੂੰ ਪ੍ਰਦਰਸ਼ਨ ਕਰਨ ਦੇ ਸੰਵਿਧਾਨਿਕ ਅਧਿਕਾਰ ਤੋਂ ਵਾਂਝਿਆ ਕਰਨ ਦੀ ਵੀ ਉਨ੍ਹਾਂ ਨੇ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਸਮਾਜ ਦੀ ਵੀ ਗੱਲ ਸੁਣਨੀ ਚਾਹੀਦੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਵਿੱਚ ਸਰਕਾਰੀ ਕਾਲਜਾਂ ਦੇ ਨਿੱਜੀਕਰਨ ਦਾ ਵੀ ਮੁੱਦਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਹੜਤਾਲ ‘ਤੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵੀ ਕੁਝ ਇਸੇ ਤਰ੍ਹਾਂ ਦਾ ਫੈਸਲਾ ਲਿਆ ਗਿਆ ਸੀ ਜਿਸ ਦੇ ਵਿਰੋਧ ਵਿੱਚ ਵਿਦਿਆਰਥੀਆਂ ਨੇ ਮੋਰਚਾ ਸੰਭਾਲਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਇਸ ਤਰ੍ਹਾਂ ਦੇ ਮਾਮਲਿਆਂ ਦਾ ਸੰਜੀਦਗੀ ਨਾਲ ਨੋਟਿਸ ਲੈਣਾ ਚਾਹੀਦਾ ਹੈ।