Punjab

ਪੰਜਾਬ ਪੰਚਾਇਤੀ ਚੋਣਾਂ: ਸਾਢੇ 35 ਲੱਖ ਦੀ ਬੋਲੀ ਲਾ ਕੇ ਪਿੰਡ ਦਾ ਸਰਮਾਏਦਾਰ ਬਣਿਆ ਸਰਪੰਚ

ਬਿਉਰੋ ਰਿਪੋਰਟ: ਪੰਜਾਬ ਵਿੱਚ ਇਸ ਵੇਲੇ ਪੰਚਾਇਤੀ ਚੋਣਾਂ ਵਾਸਤੇ ਨਾਮਜ਼ਦਗੀਆਂ ਦਾ ਦੌਰ ਚੱਲ ਰਿਹਾ ਹੈ। ਪਿੰਡਾਂ ਵਿੱਚ ਜ਼ੋਰ-ਸ਼ੋਰ ਨਾਲ ਤਿਆਰੀਆਂ ਚੱਲ ਰਹੀਆਂ ਹਨ। ਇਸੇ ਦੌਰਾਨ ਕਈ ਪਿੰਡਾਂ ਵਿੱਚ ਚੋਣਾਂ ਤੋਂ ਬਗੈਰ ਹੀ ਸਰਪੰਚ ਚੁਣੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇੱਕ ਪਾਸੇ 2 ਪਿੰਡਾਂ ਵਿੱਚ ਸਰਬ ਸੰਮਤੀ ਨਾਲ ਸਰਪੰਚ ਚੁਣੇ ਗਏ ਹਨ ਜਦਕਿ ਦੂਜੇ ਪਾਸੇ ਅੱਜ ਇੱਕ ਧਨਾਢ ਬੰਦੇ ਵੱਲੋਂ ਸਾਢੇ 35 ਲੱਖ ਦੀ ਬੋਲੀ ਲਾ ਕੇ ਸਰਪੰਚ ਬਣਨ ਦੀ ਖ਼ਬਰ ਆਈ ਹੈ।

ਗਿੱਦੜਬਾਹਾ ਅਧੀਨ ਆਉਂਦੇ ਅਬਲੂ ਕੋਟਲੀ ਦੇ ਨੇੜਲੇ ਕੋਠੇ ਚੀਦਿਆ ਵਾਲੇ ਪਿੰਡ ਵਿੱਚ ਸਰਮਾਏਦਾਰਾਂ ਨੇ ਬੋਲੀ ਲਗਾ ਕੇ ਸਾਢੇ 35 ਲੱਖ ਵਿੱਚ ਸਰਪੰਚੀ ਦਾ ਸੌਦਾ ਕੀਤਾ ਹੈ। ਭਾਰਤੀ ਸੰਵਿਧਾਨ, ਚੋਣ ਕਮਿਸ਼ਨ ਅਤੇ ਲੋਕਤੰਤਰ ਦੇ ਨਿਯਮਾਂ ਨੂੰ ਅੱਖੋਂ-ਪਰੋਖੇ ਕਰ ਕੇ ਇਥੋਂ ਦੇ ਸਰਪੰਚ ਨੂੰ ਚੁਣਨ ਵਾਸਤੇ ਬੋਲੀ ਲਾਈ ਗਈ।

ਹਾਲਾਂਕਿ ਬੋਲੀ ਦੀ ਰਕਮ, ਗੁਰਦੁਆਰਾ ਸਾਹਿਬ ਨੂੰ ਦੇਣ ਦਾ ਫੈਸਲਾ ਹੋਇਆ ਹੈ। ਜਿਸ ਵਿੱਚ ਵੱਡੇ ਜ਼ਿਮੀਦਾਰਾਂ ਨੇ ਇੱਕ-ਦੂਜੇ ਨਾਲੋਂ ਵਧ-ਚੜ੍ਹ ਕੇ ਆਪਣੀ ਆਰਥਿਕ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਬੋਲੀ ਦੇ ਅੰਤ ਤੱਕ ਫੈਸਲਾ 35 ਲੱਖ 50 ਹਜ਼ਾਰ ਵਿੱਚ ਹੋ ਗਿਆ।