ਉੱਤਰ ਪ੍ਰਦੇਸ਼ ਦੇ ਗੋਰਖਪੁਰ ‘ਚ ਪਿੰਡ ਦੇ ਇਕ ਨੌਜੁਆਨ ਦੀ ਕਰਤੂਤ ਕਾਰਨ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਖੋਰਾਬਾਰ ਥਾਣਾ ਖੇਤਰ ‘ਚ ਸਥਿਤ ਕੰਪੋਜ਼ਿਟ ਸਕੂਲ ਦੇ ਵਿਹੜੇ ‘ਚ ਕਾਰ ਸਿੱਖ ਰਹੇ ਪਿੰਡ ਦੇ ਮੁਖੀ ਨੇ ਵਿਹੜੇ ‘ਚ ਬੈਠ ਕੇ ਪੜ੍ਹਾਈ ਕਰ ਰਹੇ 8 ਬੱਚਿਆਂ ਨੂੰ ਕੁਚਲ ਦਿੱਤਾ। ਇਸ ਘਟਨਾ ਨਾਲ ਮੌਕੇ ‘ਤੇ ਹਫ਼ੜਾ-ਦਫ਼ੜੀ ਮੱਚ ਗਈ। ਸਾਰੇ ਬੱਚਿਆਂ ਨੂੰ ਸੀਐਚਸੀ ਖੋਰਾਬਰ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਸਾਰਿਆਂ ਨੂੰ ਜ਼ਿਲ੍ਹਾ ਹਸਪਤਾਲ ਲਈ ਰੈਫਰ ਕਰ ਦਿੱਤਾ। ਦੋ ਬੱਚਿਆਂ ਨੂੰ ਗੰਭੀਰ ਹਾਲਤ ਵਿੱਚ ਬੀਆਰਡੀ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਗਿਆ ਹੈ।
ਇਹ ਘਟਨਾ ਖੋਰਾਬਾਰ ਇਲਾਕੇ ਦੇ ਰਾਮਪੁਰ ਸਥਿਤ ਕੰਪੋਜ਼ਿਟ ਸਕੂਲ ਕੰਪਲੈਕਸ ਵਿੱਚ ਵਾਪਰੀ। ਹਾਦਸੇ ਦੀ ਸੂਚਨਾ ਮਿਲਦੇ ਹੀ ਡੀਐਮ ਕ੍ਰਿਸ਼ਨਾ ਕਰੁਨੇਸ਼, ਐਸਐਸਪੀ ਡਾਕਟਰ ਗੌਰਵ ਗਰੋਵਰ ਅਤੇ ਸਾਰੇ ਅਧਿਕਾਰੀ ਮੈਡੀਕਲ ਟੀਮ ਅਤੇ ਐਂਬੂਲੈਂਸ ਸਮੇਤ ਜ਼ਿਲ੍ਹਾ ਹਸਪਤਾਲ ਪੁੱਜੇ। ਅਧਿਕਾਰੀਆਂ ਨੇ ਜ਼ਖ਼ਮੀ ਬੱਚਿਆਂ ਦਾ ਹਾਲ-ਚਾਲ ਪੁੱਛਿਆ ਅਤੇ ਡਾਕਟਰਾਂ ਨੂੰ ਬੱਚਿਆਂ ਦੇ ਬਿਹਤਰ ਇਲਾਜ ਲਈ ਹਦਾਇਤਾਂ ਦਿੱਤੀਆਂ। ਇਸ ਦੌਰਾਨ ਐੱਸ ਪੀ ਸਿਟੀ ਕ੍ਰਿਸ਼ਨ ਕੁਮਾਰ ਬਿਸ਼ਨੋਈ ਕੰਪੋਜ਼ਿਟ ਸਕੂਲ ਪੁੱਜੇ ਅਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਵੀ ਲਿਆ।
ਐੱਸਪੀ ਸਿਟੀ ਨੇ ਦੱਸਿਆ ਕਿ ਪੁਲਿਸ ਨੇ ਪਿੰਡ ਦੇ ਮੁਖੀ ਲਾਲ ਬਚਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਦੀ ਕਾਰ ਜ਼ਬਤ ਕਰ ਲਈ ਹੈ। ਇਹ ਹਾਦਸਾ ਪਿੰਡ ਦੇ ਮੁਖੀ ਦੀ ਲਾਪਰਵਾਹੀ ਕਾਰਨ ਵਾਪਰਿਆ ਜਿਸ ਨੂੰ ਗੱਡੀ ਚਲਾਉਣਾ ਨਹੀਂ ਆਉਂਦਾ ਸੀ। ਬੱਚੇ ਦੇ ਪਰਿਵਾਰ ਦੀ ਸ਼ਿਕਾਇਤ ‘ਤੇ ਪਿੰਡ ਦੇ ਮੁਖੀ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।