India Punjab

ਸਿਰਸਾ ਨੂੰ ਸਰਨਾ ਦੀ ਹਦਾਇਤ, ਮੀਡੀਆ ਨੂੰ ਵੀ ਕੀਤੀ ਅਪੀਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਤੇ ਬਿਆਨ ਕਿ ਅਕਾਲੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭੱਠਾ ਬਿਠਾ ਦਿੱਤਾ ਹੈ, ਦਾ ਜਵਾਬ ਦਿੰਦਿਆਂ ਕਿਹਾ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਸ਼੍ਰੋਮਣੀ ਕਮੇਟੀ ਬਾਰੇ ਬੋਲਣਾ ਬਣਦਾ ਹੀ ਨਹੀਂ ਹੈ। ਉਨ੍ਹਾਂ ਨੇ ਸਿਰਸਾ ਉੱਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਅੱਠ ਸਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਹਿਸ ਨਹਿਸ ਕਰਕੇ ਹੁਣ ਕੀ ਤੁਸੀਂ ਗੱਲ ਕਰਨ ਜੋਗੇ ਹੋ ਗਏ ਹੋ। ਤੁਹਾਡੇ ਉੱਤੇ ਸੱਤ ਮੁਕੱਦਮੇ ਚੱਲਦੇ ਪਏ ਹਨ, ਤੁਹਾਡੇ ਖ਼ਿਲਾਫ਼ ਐੱਲਓਸੀ ਨੋਟਿਸ ਨਿਕਲਿਆ ਹੋਇਆ ਹੈ ਅਤੇ ਤੁਹਾਨੂੰ ਪਤਾ ਸੀ ਕਿ ਸਰਕਾਰ ਨੇ ਅੰਦਰ ਕਰ ਦੇਣਾ ਹੈ, ਜਿਸ ਤੋਂ ਬਾਅਦ ਤੁਸੀਂ ਇਨ੍ਹਾਂ ਦੇ ਪੈਰੀਂ ਪੈ ਗਏ। ਹੁਣ ਤੁਹਾਡੇ ਵਰਗੇ ਬੰਦੇ ਦਾ ਸਿੱਖਾਂ ਪ੍ਰਤੀ ਬੋਲਣ ਦਾ ਕੋਈ ਹੱਕ ਨਹੀਂ ਰਹਿ ਗਿਆ। ਤੁਸੀਂ ਸਿੱਖ ਗੁਰਧਾਮਾਂ, ਗੁਰਦੁਆਰਿਆਂ ਦੀ, ਸਿੱਖ ਇਤਿਹਾਸ ਨੂੰ ਤਹਿਸ ਨਹਿਸ ਕਰਕੇ ਰੱਖ ਦਿੱਤਾ ਹੈ। ਤੁਹਾਡੇ ਹੁੰਦਿਆਂ ਜੋ ਸਿੱਖੀ ਦਾ ਨੁਕਸਾਨ ਹੋਇਆ ਹੈ, ਸਿੱਖ ਇਤਿਹਾਸ ਵਿੱਚ ਤੁਹਾਨੂੰ ਕਾਲੇ ਅੱਖਰਾਂ ਵਿੱਚ ਵੀ ਜਗ੍ਹਾ ਨਹੀਂ ਮਿਲਣੀ। ਇਹ ਸਾਰਾ ਕਸੂਰ ਬਾਦਲਾਂ ਦਾ ਹੈ ਜਿਨ੍ਹਾਂ ਨੂੰ ਬੰਦੇ ਪਛਾਨਣ ਦੀ ਸਮਝ ਨਹੀਂ ਹੈ ਕਿ ਕਿਹੜੇ ਬੰਦੇ ਅੱਗੇ ਲਿਆਉਣੇ ਚਾਹੀਦੇ ਹਨ ਅਤੇ ਕਿਹੜੇ ਨਹੀਂ। ਬੰਦਿਆਂ ਦਾ ਪਿਛੋਕੜ ਦੇਖਣਾ ਚਾਹੁੰਦੇ ਸਨ। ਸਰਨਾ ਨੇ ਮੀਡੀਆ ਵਾਲਿਆਂ ਨੂੰ ਬੇਨਤੀ ਕੀਤੀ ਕਿ ਇਸ ਤਰ੍ਹਾਂ ਦੇ ਬੰਦਿਆਂ ਦੇ ਵਿਚਾਰ ਲਿਆ ਕਰੋ ਜਿਹਨੂੰ ਸਮਝ ਹੋਵੇ, ਜਿਹਨੇ ਕੋਈ ਚੋਰੀ, ਠੱਗੀ ਨਾ ਕੀਤੀ ਹੋਵੇ। ਇਹ ਤਾਂ ਪੂਰੀ ਤਰ੍ਹਾਂ ਚੋਰੀਆਂ, ਠੱਗੀਆਂ ਨਾਲ ਭਰਿਆ ਹੋਇਆ ਹੈ।