India

ਦਿੱਲੀ ਦੇ ਸਰਨਾ ਭਰਾ ਅਦਾਲਤ ‘ਚ ਤਲਬ

‘ਦ ਖ਼ਾਲਸ ਬਿਊਰੋ : ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸਕੂਲਾਂ ਦੇ ਅਧਿਆਪਕਾਂ ਨੂੰ ਬਣਦੇ ਹੱਕ ਨਾ ਦੇਣ ਦਾ ਮਾਮਲਾ ਅਦਾਲਤ ਵਿੱਚ ਪੁੱਜ ਗਿਆ ਹੈ। ਦਿੱਲੀ ਦੀ ਇੱਕ ਅਦਾਲਤ ਨੇ ਕਮੇਟੀ ਦੇ ਦੋ ਸਾਬਕਾ ਪ੍ਰਧਾਨ ਭਰਾਵਾਂ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਨੂੰ 23 ਜੁਲਾਈ ਨੂੰ ਤਲਬ ਕਰ ਲਿਆ ਹੈ। ਕਮੇਟੀ ਦੇ ਮੌਜੂਦਾ ਪ੍ਰਧਾਨ ਪਰਮਜੀਤ ਸਿੰਘ ਕਾਲਕਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਦਾਲਤ ਦੀ ਕਾਰਵਾਈ ਦਾ ਦਾਅਵਾ ਕੀਤਾ ਹੈ।

ਕਾਲਕਾ ਨੇ ਕਿਹਾ ਕਿ ਸਰਨਾ ਭਰਾਵਾਂ ਦੀ ਅਗਵਾਈ ਹੇਠ ਕਮੇਟੀ ਸਕੂਲ ਸਟਾਫ਼ ਨੂੰ ਛੇਵਾਂ ਤਨਖਾਹ ਕਮਿਸ਼ਨ ਦੇਣ ਤੋਂ ਟਾਲਾ ਵੱਟਦੀ ਰਹੀ ਅਤੇ ਦੋਹਾਂ ਨੇ ਸਟਾਫ਼ ਦਾ ਹੱਕ ਮਾ ਰਿਆ। ਛੇਵਾਂ ਤਨਖਾਹ ਕਮਿਸ਼ਨ ਲਾਗੂ ਨਾ ਕਰਨ ਨੂੰ ਲੈ ਕੇ ਕੇਸ ਦਾਇਰ ਕੀਤਾ ਗਿਆ ਜਿਸ ਉੱਤੇ ਸੁਣਵਾਈ ਕਰਦਿਆਂ ਸਰਨਾ ਭਰਾਵਾਂ ਨੂੰ ਤਲਬ ਕਰ ਲਿਆ ਗਿਆ ਹੈ।

ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਸਰਨਾ ਭਰਾਵਾਂ ਸਮੇਤ ਮਨਜੀਤ ਸਿੰਘ ਜੀਕੇ ਉੱਤੇ ਕਈ ਤਰ੍ਹਾਂ ਦੇ ਦੋਸ਼ ਲਾਏ। ਕਮੇਟੀ ਦੇ ਪ੍ਰਧਾਨ ਦਾ ਕਹਿਣਾ ਸੀ ਕਿ ਇੱਕ ਪਾਸੇ ਸਰਨਾ ਭਰਾ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਕਮੇਟੀ ਦੀ ਵਿੱਤੀ ਹਾਲਤ ਬਿਹਤਰ ਸੀ ਜਦਕਿ ਅੱਜ ਡਾਵਾਂਡੋਲ ਹੋ ਕੇ ਰਹਿ ਗਈ ਹੈ। ਦੂਜੇ ਪਾਸੇ ਸਰਨਾ ਭਰਾ ਇਹ ਵੀ ਦਾਅਵਾ ਕਰਦੇ ਹਨ ਕਿ ਜਦੋਂ ਉਹ ਪ੍ਰਧਾਨਗੀ ਤੋਂ ਲਾਂਭੇ ਹੋਏ ਸਨ ਤਾਂ ਵਿੱਦਿਅਕ ਅਦਾਰਿਆਂ ਦੇ ਖਾਤੇ ਵਿੱਚ 53 ਕਰੋੜ ਦੀ ਰਕਮ ਪਈ ਸੀ। ਇਸਦੇ ਉਲਟ ਉਨ੍ਹਾਂ ਤੋਂ ਬਾਅਦ ਕਮੇਟੀ ਦੇ ਪ੍ਰਧਾਨ ਬਣੇ ਮਨਜੀਤ ਸਿੰਘ ਜੀਕੇ ਨੇ ਇਹ ਰਕਮ 43 ਕਰੋੜ ਦੱਸੀ ਸੀ। ਕਮੇਟੀ ਦੇ ਪ੍ਰਧਾਨ ਨੇ ਸਰਨਾ ਭਰਾਵਾਂ ਅਤੇ ਜੀਕੇ ਦੇ ਬਿਆਨਾਂ ਨੂੰ ਆਧਾਰ ਬਣਾ ਕੇ 10 ਕਰੋੜ ਰੁਪਏ ਦੇ ਕਥਿਤ ਤੌਰ ਉੱਤੇ ਖੁਰਦ ਬੁਰਦ ਹੋਣ ਉੱਤੇ ਸਵਾਲ ਖੜਾ ਕੀਤਾ ਹੈ।