ਬਿਉਰੋ ਰਿਪੋਰਟ : ਸਰਦੂਲਗੜ੍ਹ ਮਾਨਸਾ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਨਾਂਵਾਲੀ ਦਾ ਇੱਕ ਆਡੀਓ ਵਾਇਰਲ ਹੋ ਰਿਹਾ ਹੈ । ਜਿਸ ਵਿੱਚ ਉਹ ਬਿਜਲੀ ਬੋਰਡ ਦੇ ਜੇ.ਈ ਮੱਖਣ ਸਿੰਘ ਨੂੰ ਹਲਕੇ ਦੇ ਕਿਸੇ ਬੰਦੇ ਦੇ ਕੰਮ ਨੂੰ ਲੈਕੇ ਸਿਫਾਰਿਸ਼ ਕਰ ਰਹੇ ਹਨ । ਪਰ ਜੇ.ਈ ਮੱਖਣ ਸਿੰਘ ਨੇ ਸਾਫ ਕਰ ਦਿੱਤਾ ਕਿ ਉਹ ਕਾਨੂੰਨ ਦੇ ਮੁਤਾਬਿਕ ਹੀ ਕੰਮ ਕਰੇਗਾ । ਜਦੋਂ ਵਿਧਾਇਕ ਸਾਹਬ ਨੇ ਜ਼ਿਆਦਾ ਪਰੈਸ਼ਰ ਪਾਇਆ ਅਤੇ ਕਿਹਾ ਕਿ ‘ਮੈਂ ਕਹਿ ਰਿਹਾ ਹਾਂ ਤਾਂ ਕੰਮ ਕਰ’ ਤਾਂ ਜੇ.ਈ ਨੇ ਕਿਹਾ ‘ਮੇਰੀ ਜ਼ਿੰਮੇਵਾਰੀ ਹੈ ਮੈਂ ਕੋਈ ਵੀ ਗੈਰ ਕਾਨੂੰਨ ਕੰਮ ਨਹੀਂ ਕਰਾਂਗਾ’ । ਜੇ.ਈ ਮੱਖਣ ਸਿੰਘ ਨੂੰ ਕਿਹਾ ‘ਜੇਕਰ ਹੋਇਆ ਤਾਂ ਮੈਂ ਉਸ ਦੀ ਰਿਪੋਰਟ ਕਰਾਂਗਾ’, ਜੇਕਰ ਕੰਮ ਕਰਵਾਉਣ ਹੈ ਤਾਂ SDM ਮਨਜ਼ੂਰੀ ਦੇਣ ਤਾਂ ਉਸ ਨੂੰ ਕੋਈ ਇਤਰਾਜ਼ ਨਹੀਂ ਹੈ । ਫਿਰ ਵਿਧਾਇਕ ਗੁਰਪ੍ਰੀਤ ਸਿੰਘ ਕਹਿੰਦੇ ਹਨ ‘ਮੈਨੂੰ ਪਤਾ ਹੈ ਤੇਰੇ ਪਿੱਛੇ ਕੌਣ ਹੈ ? ‘ਤੂੰ ਜਿਸ ਨੂੰ ਰਿਪੋਰਟ ਕਰਨੀ ਹੈ ਕਰ ਲੈ’।
ਇਹ ਹੈ ਪੂਰਾ ਮਾਮਲਾ
ਦਰਾਅਸਲ ਕਿਸੇ ਸ਼ਖਸ਼ ਦੀ ਦੁਕਾਨ ਦੇ ਸਾਹਮਣੇ ਬਿਜਲੀ ਦਾ ਖੰਬਾ ਲੱਗਿਆ ਸੀ । ਖੰਬੇ ‘ਤੇ ਕੋਈ ਬਿਜਲੀ ਦੀ ਤਾਰ ਨਹੀਂ ਸੀ। ਉਸ ਨੇ ਬਿਜਲੀ ਮਹਿਕਮੇ ਵਿੱਚ ਖੰਬੇ ਨੂੰ ਦੂਜੀ ਥਾਂ ‘ਤੇ ਲਗਾਉਣ ਦੀ ਦਰਖਾਸਤ ਪਾਈ ਸੀ ਜਿਸ ਨੂੰ ਪੁਰਾਣੇ ਜੇ.ਈ ਬਲਵਿੰਦਰ ਸਿੰਘ ਵੱਲੋਂ ਨਾ ਮਨਜ਼ੂਰ ਕਰ ਦਿੱਤਾ ਗਿਆ ਸੀ। ਦੁਕਾਨਦਾਰ ਨੇ ਨਵੇਂ ਜੇ.ਈ ਮੱਖਣ ਸਿੰਘ ਨਾਲ ਗੱਲ ਕੀਤੀ ਪਰ ਉਸ ਨੇ ਕਾਨੂੰਨ ਦਾ ਹਵਾਲਾ ਦਿੰਦੇ ਹੋਏ ਮਨਾ ਕਰ ਦਿੱਤਾ । ਦੁਕਾਨਦਾਰ ਵਿਧਾਇਕ ਗੁਰਪ੍ਰੀਤ ਸਿੰਘ ਬਨਾਂਵਾਲੀ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਜੇ.ਈ ਮੱਖਣ ਸਿੰਘ ਨੂੰ ਫੋਨ ਕੀਤਾ ਅਤੇ ਖੰਬਾ ਪੁੱਟ ਤੇ ਦੂਜੀ ਥਾਂ ਲਗਾਉਣ ਨੂੰ ਕਿਹਾ ਪਰ ਜੇ.ਈ ਮੱਖਣ ਸਿੰਘ ਨੇ ਇਸ ਨੂੰ ਗੈਰ ਕਾਨੂੰਨੀ ਦੱਸਿਆ ਅਤੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ । ਇਸ ਦੌਰਾਨ ਦੋਵਾਂ ਦੇ ਵਿਚਾਲੇ ਤਿੱਖੀ ਬਹਿਸ ਹੋਈ, ਇਸੇ ਬਹਿਸ ਦਾ ਆਡੀਓ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੋਸਟ ਕਰਦੇ ਹੋਏ ਲਿਖਿਆ ਹੈ । ‘ਸਰਦੂਲਗੜ (ਮਾਨਸਾ) ਤੋ ਆਪ ਪਾਰਟੀ ਦੇ ਐਮ.ਐਲ. ਏ. ਗੁਰਪ੍ਰੀਤ ਸਿੰਘ ਬਨਾਂਵਾਲੀ ਸਾਬ ਦੀ ਪਾਵਰ । ਗੈਰ ਕਨੂੰਨੀ ਕੰਮ ਲਈ ਕਰ ਰਿਹਾ ਸੀ ਮਜ਼ਬੂਰ।ਇਕ ਬਿਜਲੀ ਬੋਰਡ ਦਾ ਜੇ.ਈ. ਮੱਖਣ ਸਿੰਘ,ਕਿਵੇ ਤਸੱਲੀ ਕਰ ਰਿਹਾ ਐਮ ਐਲ ਏ ਸਾਬ ਦੀ ਸੁਣ ਲਉ। #DELHIMODEL ਬਦਲਾਵ ?’
ਉਧਰ ਵਿਧਾਇਕ ਗੁਰਪ੍ਰੀਤ ਸਿੰਘ ਨੇ ਵੀ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸਾਰੇ ਮੈਨੂੰ ਜਾਣ ਦੇ ਹਨ ਮੈਂ ਕਿਸ ਤਰ੍ਹਾਂ ਦਾ ਇਨਸਾਨ ਹਾਂ,ਮੇਰੇ ਚਰਿੱਤਰ ਬਾਰੇ ਮੇਰੇ ਹਲਕੇ ਦੇ ਲੋਕ ਜ਼ਿਆਦਾ ਜਾਣ ਦੇ ਹਨ । ਗਰੀਬਾਂ ਲਈ ਹਿੱਕ ਡਾਹ ਕੇ ਖੜਾਗਾ।
ਜੇ.ਈ ਅਤੇ ਵਿਧਾਇਕ ਵਿੱਚ ਗੱਲਬਾਤ ਦਾ ਵੇਰਵਾ
ਵਿਧਾਇਕ – ‘ਮੱਖਣ ਇਨ੍ਹਾਂ ਦਾ ਕੀ ਰੋਲਾ ਹੈ’ ?
ਮੱਖਣ ਸਿੰਘ(ਜੇ.ਈ) – ‘ਦੁਕਾਨ ਦੇ ਸਾਹਮਣੇ ਪੋਲ ਸੀ ਕਹਿੰਦੇ ਹਨ ਪੱਟੋ, ਇਸ ਤਰ੍ਹਾਂ ਤਾਂ ਸਾਰੇ ਕਹਿਣਗੇ ਕਿ ਸਾਡੇ ਬਨੇਰੇ ਤੋਂ ਵੀ ਪੱਟੋ’
ਵਿਧਾਇਕ – ‘ਪੋਲ ਦਾ ਖਾਲੀ ਸੀ,ਤੂੰ ਦੱਸ ਪੋਲ ‘ਤੇ ਤਾਰ ਸੀ’ ?
ਮੱਖਣ ਸਿੰਘ(ਜੇ.ਈ)- ‘ਨਹੀਂ ਜੀ,ਪਰ ਕੱਲ ਨੂੰ ਸਾਰੇ ਸ਼ਹਿਰ ਵਾਲੇ ਕਹਿਣਗੇ ਕਿ ਪੋਲ ਪੱਟੋ, ਐਸਟੀਮੇਟ ਦੇ ਜ਼ਰੀਏ ਕੰਮ ਹੋਵੇਗਾ,ਇਹ ਤਾਂ ਇਨ੍ਹਾਂ ਨੇ ਬਣਾਇਆ ਸੀ’
ਵਿਧਾਇਕ – ‘ਐਸਟੀਮੇਟ ਕਿੰਨੇ ਬਣਾਇਆ ਸੀ’ ?
ਮੱਖਣ ਸਿੰਘ(ਜੇ.ਈ)- ‘ਪਹਿਲਾਂ ਵਾਲੇ ਜੇ.ਈ ਬਲਜਿੰਦਰ ਸਿੰਘ ਨੇ’
ਵਿਧਾਇਕ – ‘ਗਰੀਬ ਬੰਦੇ ਹਨ ਛੱਡ ਦਿਉ’
ਮੱਖਣ ਸਿੰਘ(ਜੇ.ਈ) – ‘ਨਹੀਂ ਜੀ ਕਾਨੂੰਨੀ ਕਾਰਵਾਈ ਹੈ ਮੈਂ ਕਿਵੇਂ ਛੱਡ ਦੇਵਾ’
ਵਿਧਾਇਕ – ‘ਤੂੰ ਕੀ ਕਰੇਗਾ ਕਾਨੂੰਨੀ ਕਾਰਵਾਈ’
ਮੱਖਣ ਸਿੰਘ(ਜੇ.ਈ)- ‘ਜਦੋਂ ਐਸਟੀਮੇਟ ਵਿੱਚ ਨਹੀਂ ਹੈ ਤਾਂ ਕਿਵੇਂ ਕੱਢ ਸਕਦੇ ਹਨ’
ਵਿਧਾਇਕ – ‘ਇਨ੍ਹਾਂ ਨੇ ਪੋਲ ਕੱਢ ਦਿੱਤਾ ਹੈ ਤੂੰ ਤਾਂ ਨਹੀਂ ਹੈ’ ?
ਮੱਖਣ ਸਿੰਘ(ਜੇ.ਈ) – ‘ਪਰ ਜ਼ਿੰਮੇਵਾਰੀ ਤਾਂ ਮੇਰੀ ਹੈ’
ਵਿਧਾਇਕ – ‘ਤੂੰ ਕੀ ਕਾਰਵਾਈ ਕਰੇਗਾ’ ?
ਮੱਖਣ ਸਿੰਘ – ‘ਮੈਂ ਤਾਂ ਰਿਪੋਰਟ ਕਰਾਂਗਾ’
ਵਿਧਾਇਕ – ‘ਕੀ ਕਰੇਗਾ ਰਿਪੋਰਟ’ ?
ਮੱਖਣ ਸਿੰਘ(ਜੇ.ਈ)- ‘ਤੁਸੀਂ ਮੇਰੇ ਕੋਲੋ ਗੈਰ ਕਾਨੂੰਨੀ ਕੰਮ ਨਹੀਂ ਕਰਵਾ ਸਕਦੇ ਹੋ’
ਵਿਧਾਇਕ – ‘ਤੂੰ ਕਰਦੇ ਰਿਪੋਰਟ ਮੈਨੂੰ ਪਤਾ ਹੈ ਤੇਰੇ ਪਿੱਛੇ ਜੋ ਹੈ’ ?
ਮੱਖਣ ਸਿੰਘ(ਜੇ.ਈ)- ‘ਕੀ ਹੈ ਮੇਰੇ ਪਿੱਛੇ’
ਵਿਧਾਇਕ- ‘ਗਰੀਬ ਬੰਦਾ ਹੈ ਤੂੰ ਕਰ ਦੇ ਜੋ ਰਿਪੋਰਟ ਕਰਨੀ ਹੈ’
ਮੱਖਣ ਸਿੰਘ(ਜੇ.ਈ)- ‘MLA ਸਾਹਬ ਤੁਸੀਂ ਐਦਾ ਹੀ ਕਰੀ ਜਾਂਦੇ ਹੋ ਕੋਈ ਗਰੀਬ ਨਹੀਂ ਹੈ । ਤੁਸੀਂ ਮੇਰੇ ਗਲ ਪਈ ਜਾਂਦੇ ਹੋ । ਕੋਈ ਗਰੀਬ ਨਹੀਂ ਹੈ ਗੈਰ ਕਾਨੂੰਨੀ ਕੰਮ ਨਹੀਂ ਕਰਨਾ ਹੈ । ਤੁਸੀਂ SDM ਸਾਹਬ ਕੋਲੋ ਲਿਖਤੀ ਵਿੱਚ ਲੈਕੇ ਆਉ,ਕਹਿਣ ਨਾਲ ਕੀ ਹੁੰਦੀ ਹੈ’
ਵਿਧਾਇਕ – ‘SDM ਕੋਲ ਕਿਉਂ ? ਜਾਂ ਤੂੰ ਰਿਪੋਰਟ ਕਰ ਦੇ’
ਮੱਖਣ ਸਿੰਘ(ਜੇ.ਈ) – ‘ਕੋਈ ਨਹੀਂ ਕਰ ਦਿੰਦਾ ਹਾਂ’