Punjab Religion

1964 ’ਚ ਛਪੀ ਬੀੜ ਅੰਦਰ ਤਬਦੀਲੀਆਂ ਕਿਸ ਅਧਾਰ ’ਤੇ ਕੀਤੀਆਂ? ਸਰਬੱਤ ਖ਼ਾਲਸਾ ਦੇ SGPC ਨੂੰ ਤਿੱਖੇ ਸਵਾਲ

ਬਿਊਰੋ ਰਿਪੋਰਟ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਾਪੇ ’ਚ ਆਏ ਪਾਠ-ਭੇਦਾਂ ਦੀ ਸੁਧਾਈ ਨੂੰ ਲੈ ਕੇ ਸਰਬੱਤ ਖ਼ਾਲਸਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੂੰ ਇੱਕ ਪੱਤਰ ਲਿਖਿਆ ਗਿਆ ਹੈ। ਇਸ ਵਿੱਚ ਉਨ੍ਹਾਂ ਨੇ ਅਫ਼ਸੋਸ ਜਤਾਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਛਾਪੇ ਵਿੱਚ ਆਏ ਪਾਠ ਭੇਦਾਂ ਦੀ ਸੁਧਾਈ ਦੇ ਅਹਿਮ ਮਸਲੇ ਦੀ ਨਿਸ਼ਾਨਦੇਹੀ ਸਿੱਖਾਂ ਦੀ ਹਰ ਧਿਰ ਨੇ ਕੀਤੀ ਹੋਵੇ ਅਤੇ ਉਸ ਨੂੰ ਸੁਲਝਾਉਣ ਵਾਸਤੇ ਐਸ.ਜੀ.ਪੀ.ਸੀ ਵੱਲੋਂ ਵੀ ਸਮੇਂ ਸਮੇਂ ਕਮੇਟੀਆਂ ਬਣਾਈਆਂ ਗਈਆਂ ਹੋਣ, ਉਸ ਨੂੰ ਵੀ ਲੰਬੇ ਸਮੇਂ ਤੋਂ ਠੰਡੇ ਬਸਤੇ ਵਿੱਚ ਪਾਇਆ ਹੋਇਆ ਹੈ। ਉਨ੍ਹਾਂ ਉਮੀਦ ਜਤਾਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਬਿਨਾ ਕਿਸੇ ਦੇਰੀ ਦੇ ਸੰਗਤ ਦੀ ਕਚਿਹਰੀ ਵਿੱਚ ਇਨ੍ਹਾਂ ਗੰਭੀਰ ਸਵਾਲਾਂ ਦੇ ਤਸੱਲੀਬਖਸ਼ ਜੁਆਬ ਦਿੱਤੇ ਜਾਣਗੇ।

ਸਰਬੱਤ ਖ਼ਾਲਸਾ ਦਾ ਕਹਿਣਾ ਹੈ ਕਿ ਗਲਤੀਆਂ ਛਪਾਈ ਦੀਆਂ ਹਨ, ਜੋ ਸਾਡੇ ਵਰਗੇ ਭੁਲਣਹਾਰ ਸਿੱਖਾਂ ਵੱਲੋਂ ਉਤਾਰੇ ਦੌਰਾਨ ਹੋਈਆਂ ਹਨ, ਅਤੇ ਸਾਡੇ ਵੱਲੋਂ ਹੀ ਤੁਰੰਤ ਇਹਨਾਂ ਨੂੰ ਠੀਕ ਕਰਨਾ ਬਣਦਾ ਵੀ ਹੈ। (https://gurugranthsahib.study)

ਸਰਬੱਤ ਖ਼ਾਲਸਾ ਨੇ ਦੱਸਿਆ ਹੈ ਕਿ ਇਸ ਜਥੇਬੰਦੀ ਵੱਲੋਂ ਇਸੇ ਗੰਭੀਰ ਮੁੱਦੇ ਤੇ ਸੰਗਤਾਂ ਦੀ ਜਾਗਰੂਕਤਾ ਲਈ 26 ਜੁਲਾਈ ਨੂੰ ਵੈਬੀਨਾਰ ਕਰਵਾਇਆ ਗਿਆ ਹੈ। ਜਾਣਕਾਰੀ ਭਰਪੂਰ ਵੈਬੀਨਾਰ ਉਪਰੰਤ ਅਤੇ ਸਮੇਂ ਸਮੇਂ ਸਿਰ ਛਪਦੇ ਲੇਖਾਂ ਅਤੇ ਚਿੱਠੀਆਂ ਤੋਂ ਹਾਸਲ ਜਾਣਕਾਰੀ ਦੇ ਅਧਾਰ ’ਤੇ ਐਸ.ਜੀ.ਪੀ.ਸੀ. ਦੀ ਕਾਰਜ ਸ਼ੈਲੀ ਤੇ ਹੇਠ ਲਿਖੇ ਗੰਭੀਰ ਸਵਾਲ ਖੜੇ ਹੁੰਦੇ ਹਨ:

  1. ਸ਼੍ਰੋਮਣੀ ਕਮੇਟੀ ਵੱਲੋਂ 1952 ਵਿੱਚ ਵਿਦਵਾਨਾ ਦੀ ਨਿਗਰਾਨੀ ਹੇਠ ਪਵਿੱਤਰ ਬੀੜ ਛਪਵਾਈ ਗਈ ਸੀ, ਪਰ 1964 ਵਿੱਚ ਛਪਾਈ ਗਈ ਇਸੇ ਬੀੜ ਵਿੱਚ ਬਹੁਤ ਜ਼ਿਆਦਾ ਅੰਤਰ ਪਾ ਦਿੱਤਾ ਗਿਆ। 1952 ਵਾਲੀ ਬੀੜ ਵਿੱਚ ਮੰਗਲ ਉੱਪਰ ਅਤੇ ਇੱਕ ਤਰਤੀਬ ਵਿੱਚ ਸਨ ਜੋ 1964 ਵਿੱਚ ਬੇਤਰਤੀਬੇ ਕਰ ਦਿੱਤੇ ਗਏ। ਦੱਸਣ ਦੀ ਕਿਰਪਾ ਕੀਤੀ ਜਾਵੇ ਕਿ 1964 ਵਿੱਚ ਛਪੀ ਬੀੜ ਅੰਦਰ ਇਹ ਤਬਦੀਲੀਆਂ ਕਿਸ ਅਧਾਰ ’ਤੇ ਕੀਤੀਆਂ ਗਈਆਂ ਸਨ ਅਤੇ ਕਿਹੜੇ ਵਿਦਵਾਨਾਂ ਦੀ ਰਾਇ ਨਾਲ ਕੀਤੀਆਂ ਗਈਆਂ ਸਨ? ਇਸਦਾ ਕੋਈ ਰਿਕਾਰਡ ਜਨਤਕ ਕਿਉਂ ਨਹੀਂ ਕੀਤਾ ਗਿਆ? ਸ਼੍ਰੋਮਣੀ ਕਮੇਟੀ ਨੂੰ ਇਸ ਬਾਬਤ ਸਪਸ਼ਟ ਕਰਨਾ ਬਣਦਾ ਹੈ।
  2. ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਰਾਹੀਂ ਗਠਿਤ ਕੀਤੀ ਗਈ ਕਮੇਟੀ, ਜਿਸਦੇ ਕਨਵੀਨਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਨ, ਦੀ 26 ਮਾਰਚ 1996 ਦੀ ਅੰਤ੍ਰਿਗ ਰਿਪੋਰਟ ਵਿੱਚ ਇਹ ਦਰਜ ਹੋਣਾ ਕਿ “ਪਾਵਨ ਸਰੂਪਾਂ ਦੀ ਛਪਾਈ ਵਿੱਚ ਬਾਰ ਬਾਰ ਅਤੇ ਗੁਪਤੋ ਗੁਪਤੀ ਪ੍ਰੈਸ ਅਮਲੇ ਦੀ ਪੱਧਰ ਤੇ ਕੀਤੀਆਂ ਜਾ ਰਹੀਆਂ ਪਾਠ-ਸੁਧਾਈਆਂ” ਚਿੰਤਾਜਨਕ ਹੈ। ਇਹ ਸਥਾਪਤ ਕਰਦਾ ਹੈ ਕਿ 1964 ਤੋਂ ਬਾਅਦ ਵੀ “ਬਾਰ ਬਾਰ ਅਤੇ ਗੁਪਤੋ ਗੁਪਤੀ” ਪਾਠ ਭੇਦ ਕੀਤੇ ਜਾ ਰਹੇ ਹਨ। ਇਸ ਦਾ ਸਾਰਾ ਰਿਕਾਰਡ ਵੀ ਉਨ੍ਹਾਂ ਆਪਣੀ ਰਿਪੋਰਟ ਦੇ ਨਾਲ ਨੱਥੀ ਕੀਤਾ ਹੋਇਆ ਹੈ। ਇਹ ਸਾਰਾ ਕੁੱਝ ਨਾ ਸਿਰਫ਼ ਸ਼੍ਰੋਮਣੀ ਕਮੇਟੀ ਦੀ ਕਾਬਲੀਅਤ ਤੇ ਸਵਾਲ ਖੜਾ ਕਰਦਾ ਹੈ, ਬਲਕਿ ਨੀਅਤ ’ਤੇ ਵੀ।
  3. ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ, 2008 ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਇਸ ਦੁਆਰਾ ਅਧਿਕਾਰਤ ਕਿਸੇ ਵੀ ਸੰਸਥਾ ਤੋਂ ਇਲਾਵਾ ਕੋਈ ਵੀ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਛਾਪਣ, ਸਟੋਰ ਕਰਨ, ਵੰਡਣ ਅਤੇ ਸਪਲਾਈ ਕਰਨ ਦਾ ਅਧਿਕਾਰ ਨਹੀਂ ਰੱਖਦਾ। ਇਸ ਕਾਨੂੰਨ ਨਾਲ ਏਕਾਧਿਕਾਰ ਮਿਲ ਜਾਣ ਕਰਕੇ ਸ਼੍ਰੋਮਣੀ ਕਮੇਟੀ ਦੀ ਪਾਠ ਭੇਦਾਂ ਦੀ ਸੁਧਾਈ ਦੀ ਜਿਮੇਵਾਰੀ ਤਾਂ ਸਗੋਂ ਹੋਰ ਵੀ ਵੱਧ ਜਾਂਦੀ ਹੈ। ਪਰ ਅਮਲ ਪਾਰਦਰਸ਼ੀ ਹੋਣ ਦੀ ਥਾਂ “ਬਾਰ-ਬਾਰ ਅਤੇ ਗੁਪਤੋ ਗੁਪਤੀ” ਹੋ ਰਿਹਾ ਹੈ। ਸੰਗਤਾਂ ਅਥਵਾ ਵਿਦਵਾਨਾਂ ਨਾਲ ਉੱਕਾ ਹੀ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਜਾ ਰਿਹਾ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2008 ਦੀ ਮਨਮਰਜ਼ੀ ਦੀ ਵਿਆਖਿਆ ਵੀ ਦੇਖੀ ਜਾ ਰਹੀ ਹੈ। ਐਮਾਜ਼ਾਨ ਨੇ ਇਸ ਐਕਟ ਦੇ ਹਵਾਲੇ ਨਾਲ ‘ਪੰਜਾਬੀ’ ਵਿੱਚ ਲਿਖੀਆਂ ਅਨੇਕਾਂ ਗੁਰਬਾਣੀ ਆਧਾਰਿਤ ਕਿਤਾਬਾਂ ਆਪਣੇ ਪਲੈਟਫਾਰਮ ਤੋਂ ਹਟਾ ਦਿੱਤੀਆਂ ਹਨ ਜੋ ਕੀ ਸਰਾਸਰ ਗ਼ਲਤ ਹੈ। ਇੱਥੋਂ ਤੱਕ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਪੰਜਾਬੀ ਟੀਕਾ ‘ਸ੍ਰੀ ਗੁਰੂ ਗਰੰਥ ਦਰਪਨ’ ਵੀ ਐਮਾਜ਼ਾਨ ਤੋਂ ਹਟਾ ਦਿੱਤਾ ਗਿਆ ਹੈ।
  4. ਐਸ.ਜੀ.ਪੀ.ਸੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਮਹਿਕਮੇ ਲਈ ਮੁਲਾਜ਼ਮਾਂ ਅਤੇ ਕਮੇਟੀ ਦੀ ਚੋਣ ਲਈ ਯੋਗਤਾ ਅਤੇ ਪ੍ਰਕ੍ਰਿਆ ਪਾਰਦਰਸ਼ੀ ਅਤੇ ਆਨਲਾਈਨ ਹੋਣੀ ਚਾਹੀਦੀ ਹੈ। ਬੀੜ ਦੀ ਛਪਾਈ ਵਾਲੇ ਮਹਿਕਮੇ ਦੇ ਮੁਲਾਜ਼ਮਾਂ ਅਤੇ ਕਮੇਟੀ ਦੇ ਮੈਂਬਰਾਂ ਦੇ ਨਾਮ ਹਮੇਸ਼ਾ ਜਨਤਕ ਹੋਣੇ ਚਾਹੀਦੇ ਹਨ। ਸੰਗਤਾਂ ਨੂੰ ਦੱਸਿਆ ਜਾਵੇ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਹ ਕਿਵੇਂ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਗੁਰਮਤਿ-ਵਿਰੋਧੀ ਤਾਕਤਾਂ ਛਪਾਈ ਮਹਿਕਮੇ ਵਿੱਚ ਦਖ਼ਲ ਅੰਦਾਜ਼ੀ ਨਹੀਂ ਕਰ ਰਹੀਆਂ?
  5. ਗੁਰੂ ਗ੍ਰੰਥ ਸਾਹਿਬ ਜੀ ਦੇ ਛਾਪੇ ਵਿੱਚ ਆਏ ਪਾਠ ਭੇਦਾਂ ਦੀ ਸੁਧਾਈ ਬਹੁਤ ਅਹਿਮ ਅਤੇ ਗੰਭੀਰ ਮਸਲਾ ਹੈ ਅਤੇ ਇਸ ਮਸਲੇ ਨੂੰ ਚੰਗੀ ਤਰਾਂ ਜਾਣਨ ਵਾਲੇ ਵਿਦਵਾਨ ਉਂਗਲਾ ਤੇ ਗਿਣੇ ਜਾ ਸਕਦੇ ਹਨ, ਜੋ ਕਿ ਇੱਕ ਇੱਕ ਕਰਕੇ ਸੰਸਾਰ ਤੋਂ ਕੂਚ ਕਰੀ ਜਾ ਰਹੇ ਹਨ। ਸਮਾਂ ਬਹੁਤ ਕੀਮਤੀ ਹੈ। ਦੱਸੋ ਭਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਅਹਿਮ ਮਸਲੇ ਨੂੰ ਹੌਲ ਕਰਨ ਲਈ ਕਿਸ ਸਮੇਂ ਦੀ ਉਡੀਕ ਕਰ ਰਹੀ ਹੈ?