ਲੋਕ ਸਭਾ ਚੋਣਾਂ ਵਿੱਚ ਵਿਦੇਸ਼ੀ ਫੰਡਿੰਗ ਨੂੰ ਲੈ ਕੇ ਇੱਕ ਕਥਿਤ ਆਡੀਓ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਆਡੀਓ ਫਰੀਦਕੋਟ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਜਿੱਤਣ ਵਾਲੇ ਸਰਬਜੀਤ ਸਿੰਘ ਖਾਲਸਾ ਦੀ ਹੈ। ਜਿਸ ਵਿੱਚ ਉਹ ਚੋਣਾਂ ਲਈ ਵਿਦੇਸ਼ੀ ਫੰਡਿੰਗ ਦੀ ਚਰਚਾ ਕਰ ਰਹੇ ਹਨ।
ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਆਡੀਓ ‘ਚ ਪੰਜਾਬ ‘ਚ 2027 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਹਵਾਲਾ ਦਿੰਦੇ ਹੋਏ ਬਾਦਲ ਪਰਿਵਾਰ ਨੂੰ ਸਿਆਸਤ ‘ਚ ਹਰਾਉਣ ਅਤੇ ਵੱਧ ਤੋਂ ਵੱਧ ਫੰਡ ਮੁਹੱਈਆ ਕਰਵਾਉਣ ਦੀ ਗੱਲ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਆਡੀਓ ‘ਚ ਬੋਲਣ ਵਾਲਾ ਵਿਅਕਤੀ ਖਾਲਸਾ ਹੈ ਜਾਂ ਕੋਈ ਹੋਰ।
ਵਾਇਰਲ ਹੋ ਰਹੀ ਕਥਿਤ ਆਡੀਓ ਵਿੱਚ ਸਰਬਜੀਤ ਸਿੰਘ ਖ਼ਾਲਸਾ ਕਹੇ ਜਾਣ ਵਾਲਾ ਵਿਅਕਤੀ ਇੱਕ ਅਮਰੀਕੀ ਵਿਅਕਤੀ ਨਾਲ ਗੱਲ ਕਰ ਰਿਹਾ ਹੈ। ਉਕਤ ਵਿਅਕਤੀ ਨੇ ਖਾਲਸਾ ਨੂੰ ਦੱਸਿਆ ਕਿ ਉਸ ਕੋਲ 1.33 ਲੱਖ ਡਾਲਰ ਦੇ ਫੰਡ ਹਨ। ਜਿਸ ਵਿੱਚੋਂ ਉਹ ਅੰਮ੍ਰਿਤਪਾਲ ਸਿੰਘ, ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਅਤੇ ਹੋਰਨਾਂ ਨੂੰ ਫੰਡ ਦੇਣਾ ਚਾਹੁੰਦੇ ਹਨ।
ਆਡੀਓ ਵਿੱਚ ਜਦੋਂ ਵਿਅਕਤੀ ਖਾਲਸਾ ਨੂੰ ਕਹਿੰਦਾ ਹੈ ਕਿ ਮੈਂ ਤੁਹਾਨੂੰ ਅੰਮ੍ਰਿਤਪਾਲ ਦੇ ਬਰਾਬਰ ਫੰਡ ਦੇਵਾਂਗਾ। ਇਸ ‘ਤੇ ਸਰਬਜੀਤ ਦਾ ਕਹਿਣਾ ਹੈ ਕਿ ਹੋ ਸਕੇ ਤਾਂ ਹੋਰ ਫੰਡ ਦੇ ਦਿਓ ਕਿਉਂਕਿ ਮੈਂ ਫਰੀਦਕੋਟ ‘ਚ ਜ਼ਮੀਨ ਖਰੀਦ ਕੇ ਘਰ ਬਣਾਉਣਾ ਚਾਹੁੰਦਾ ਹਾਂ। ਮੇਰਾ ਨਿਸ਼ਾਨਾ 2027 ਦੀਆਂ ਚੋਣਾਂ ਹਨ ਅਤੇ ਹੁਣ ਮੈਂ ਜਿੱਤ ਕੇ ਘਰ ਨਹੀਂ ਬੈਠਣਾ ਚਾਹੁੰਦਾ। ਸਗੋਂ ਮੈਂ ਇੱਥੋਂ ਸਿਸਟਮ ਚਲਾ ਕੇ ਬਾਦਲ ਪਰਿਵਾਰ ਨੂੰ ਟਿਕਾਉਣਾ ਚਾਹੁੰਦਾ ਹਾਂ।
ਇਸ ਸਬੰਧੀ ਫਰੀਦਕੋਰ ਸੀਟ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਇਸ ‘ਤੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕਿਸੇ ਨੇ ਇਹ ਫੋਨ ਕਰਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਕਾਲ ਵਿੱਚ ਮੈਂ ਫੰਡ ਨਹੀਂ ਮੰਗਿਆ ਪਰ ਕਾਲ ਕਰਨ ਵਾਲਾ ਮੈਨੂੰ ਫੰਡ ਦੀ ਪੇਸ਼ਕਸ਼ ਕਰ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਚੋਣ ਲੜਨ ਤੋਂ ਪਹਿਲਾਂ ਵੀ ਮੈਂ ਸਮੁੱਚੇ ਭਾਈਚਾਰੇ ਨੂੰ ਦਾਨ ਦੇਣ ਦੀ ਅਪੀਲ ਕੀਤੀ ਸੀ ਅਤੇ ਬਹੁਤ ਸਾਰੇ ਲੋਕਾਂ ਨੇ ਸਾਡਾ ਸਾਥ ਦਿੱਤਾ। ਪਰ ਉਹ ਕਾਲ ਫਰਜ਼ੀ ਸੀ ਅਤੇ ਉਸ ਵਿਅਕਤੀ ਨੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਖਾਲਸਾ ਨੇ ਕਿਹਾ ਕਿ ਮੈਂ ਫਰੀਦਕੋਟ ਵਿੱਚ ਰਹਿ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲਵਾਂਗਾ ਅਤੇ ਇਸ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਾਂਗਾ।