India International Punjab

ਦੋ ਬੱਚਿਆਂ ਦੀ ਮਾਂ ਸਰਬਜੀਤ ਕੌਰ ਨੇ ਕਰਵਾਇਆ ਮੌਲਵੀ ਨਾਲ ਨਿਕਾਹ

ਪਾਕਿਸਤਾਨ ਗਏ ਭਾਰਤੀ ਸਿੱਖ ਸ਼ਰਧਾਲੂਆਂ ਦੇ ਜੱਥੇ ਵਿੱਚੋਂ ਲਾਪਤਾ ਹੋਈ ਕਪੂਰਥਲਾ ਦੀ ਸਰਬਜੀਤ ਕੌਰ (ਪਿੰਡ ਅਮੈਨੀਪੁਰ, ਡਾਕਘਰ ਟਿੱਬਾ) ਦਾ ਮਾਮਲਾ ਹੁਣ ਸਪੱਸ਼ਟ ਹੋ ਗਿਆ ਹੈ। ਜਾਂਚ ਵਿੱਚ ਖੁਲਾਸਾ ਹੋਇਆ ਕਿ ਉਹ ਲਾਪਤਾ ਨਹੀਂ, ਸਗੋਂ ਪਾਕਿਸਤਾਨ ਵਿੱਚ ਵਿਆਹ ਕਰਵਾ ਕੇ ਨਾਮ ਬਦਲ ਕੇ ਨੂਰ ਹੁਸੈਨ ਰੱਖ ਲਿਆ ਹੈ ਅਤੇ ਧਰਮ ਵੀ ਬਦਲ ਲਿਆ ਹੈ।

ਸਰਬਜੀਤ 4 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 1,932 ਸ਼ਰਧਾਲੂਆਂ ਨਾਲ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਗਈ ਸੀ। 10 ਦਿਨਾਂ ਦੀ ਯਾਤਰਾ ਤੋਂ ਬਾਅਦ ਜੱਥਾ ਵਾਪਸ ਆਇਆ, ਪਰ ਸਿਰਫ਼ 1,922 ਸ਼ਰਧਾਲੂ ਹੀ ਭਾਰਤ ਪਰਤੇ। ਸਰਬਜੀਤ ਵਾਪਸ ਨਹੀਂ ਆਈ, ਜਿਸ ਕਾਰਨ ਉਸ ਨੂੰ ਲਾਪਤਾ ਘੋਸ਼ਿਤ ਕੀਤਾ ਗਿਆ।

ਜਾਂਚ ਵਿੱਚ ਸਭ ਤੋਂ ਵੱਡਾ ਸ਼ੱਕ ਪੈਦਾ ਕਰਨ ਵਾਲੀ ਗੱਲ ਸਾਹਮਣੇ ਆਈ ਕਿ ਪਾਕਿਸਤਾਨੀ ਇਮੀਗ੍ਰੇਸ਼ਨ ਫਾਰਮ ਵਿੱਚ ਸਰਬਜੀਤ ਨੇ ਕੌਮੀਅਤ (ਨੈਸ਼ਨੈਲਿਟੀ) ਅਤੇ ਪਾਸਪੋਰਟ ਨੰਬਰ ਖਾਲੀ ਛੱਡ ਦਿੱਤੇ ਸਨ। ਇਸ ਨੂੰ ਅਧਾਰ ਬਣਾ ਕੇ ਭਾਰਤੀ ਏਜੰਸੀਆਂ ਨੇ ਪਾਕਿਸਤਾਨੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਭਾਰਤੀ ਦੂਤਾਵਾਸ ਰਾਹੀਂ ਜਾਂਚ ਸ਼ੁਰੂ ਕੀਤੀ।

ਇਸੇ ਦੌਰਾਨ ਸੋਸ਼ਲ ਮੀਡੀਆ ‘ਤੇ ਇੱਕ ਪੱਤਰ ਵਾਇਰਲ ਹੋਇਆ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਸਰਬਜੀਤ ਨੇ ਸ਼ੇਖੂਪੁਰਾ ਦੀ ਮਸਜਿਦ ਵਿੱਚ ਇੱਕ ਮੌਲਵੀ ਨਾਲ ਨਿਕਾਹ ਕੀਤਾ ਹੈ ਅਤੇ ਸਰਟੀਫਿਕੇਟ ਵੀ ਲਿਆ ਹੈ। ਪੱਤਰ ਅਨੁਸਾਰ ਉਸ ਨੇ ਧਰਮ ਬਦਲ ਕੇ ਨਾਮ ਨੂਰ ਹੁਸੈਨ ਰੱਖ ਲਿਆ।

ਹਾਲਾਂਕਿ ਦਾ ਖ਼ਾਲਸਾ ਟੀਵੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ, ਪਰ ਜਾਂਚ ਏਜੰਸੀਆਂ ਨੇ ਵੀ ਇਸੇ ਦਿਸ਼ਾ ਵਿੱਚ ਖੁਲਾਸਾ ਕੀਤਾ ਹੈ।ਜੱਥੇ ਵਿੱਚੋਂ ਪਹਿਲਾਂ ਵਾਪਸ ਆਏ ਮੈਂਬਰਾਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਚਾਰ ਹੋਰ ਮੈਂਬਰ ਅਤੇ ਤਿੰਨ ਔਰਤਾਂ (ਪਰਿਵਾਰਕ ਪਰੇਸ਼ਾਨੀਆਂ ਕਾਰਨ) ਸ਼ਾਮਲ ਸਨ। ਪਰ ਸਰਬਜੀਤ ਬਾਰੇ ਕੋਈ ਜਾਣਕਾਰੀ ਨਾ ਮਿਲਣ ‘ਤੇ ਲਾਪਤਾ ਰਿਪੋਰਟ ਦਰਜ ਹੋਈ। ਪੁਲਿਸ ਅਤੇ ਖੁਫੀਆ ਏਜੰਸੀਆਂ ਵਾਇਰਲ ਪੱਤਰ ਦੀ ਸੱਚਾਈ ਦੀ ਜਾਂਚ ਕਰ ਰਹੀਆਂ ਹਨ। ਭਾਰਤੀ ਅਧਿਕਾਰੀਆਂ ਨੇ ਪਾਕਿਸਤਾਨ ਵਿੱਚ ਉਸ ਦੀ ਖੋਜ ਜਾਰੀ ਰੱਖੀ ਹੈ।