‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੋਣ ਕਮਿਸ਼ਨ ਨੇ ਸੰਯੁਕਤ ਸਮਾਜ ਮੋਰਚਾ ਦੀ ਰਜਿਸਟਰੇਸ਼ਨ ‘ਤੇ ਕਈ ਇਤਰਾਜ਼ ਚੁੱਕੇ ਹਨ। ਚੋਣ ਕਮਿਸ਼ਨ ਨੇ ਇਸਦੀ ਸਿਆਸੀ ਪਾਰਟੀ ਵਜੋਂ ਰਜਿਸਟਰੇਸ਼ਨ ’ਤੇ ਸਵਾਲੀਆ ਨਿਸ਼ਾਨ ਲਗਾਉਂਦਿਆਂ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਨੇ ਜੋ ਸਵਾਲ ਚੁੱਕੇ ਹਨ, ਉਹਨਾਂ ਨੂੰ ਹੱਲ ਕਰਨਾ ਮੋਰਚੇ ਲਈ ਵੱਡੀ ਚੁਣੌਤੀ ਸਾਬਤ ਹੋ ਸਕਦਾ ਹੈ। ਮੋਰਚੇ ਨੇ ਅੱਠ ਜਨਵਰੀ ਨੂੰ ਰਜਿਸਟਰੇਸ਼ਨ ਲਈ ਅਰਜ਼ੀ ਦਾਖਲ ਕੀਤੀ ਸੀ। ਇਸਦੇ ਜਵਾਬ ਵਿੱਚ ਕਮਿਸ਼ਨ ਨੇ ਮੋਰਚੇ ਨੂੰ 18 ਜਨਵਰੀ ਨੂੰ ਪੱਤਰ ਭੇਜ ਕੇ ਕਈ ਇਤਰਾਜ਼ ਪ੍ਰਗਟ ਕੀਤੇ ਸਨ।
ਮੋਰਚੇ ਨੇ ਆਪਣੀ ਆਮਦਨ ਕਰ ਰਿਟਰਨ ਇੱਕ ਸਾਲ ਦੀ ਨੱਥੀ ਕੀਤੀ ਹੈ ਜਦਕਿ ਨਿਯਮਾਂ ਮੁਤਾਬਕ ਇਹ ਤਿੰਨ ਸਾਲਾਂ ਦੀ ਹੋਣੀ ਚਾਹੀਦੀ ਹੈ। ਦੂਜਾ ਜਿਹੜਾ ਪਾਰਟੀ ਦਾ ਰਜਿਸਟਰਡ ਦਫਤਰ ਦੱਸਿਆ ਗਿਆ ਹੈ, ਉਹ ਵੀ ਨਿਯਮਾਂ ਮੁਤਾਬਕ ਨਹੀਂ ਹੈ। ਸੂਤਰਾਂ ਦੀ ਜਾਣਕਾਰੀ ਮੁਤਾਬਕ ਮੋਰਚੇ ਨੇ ਰਜਿਸਟਰੇਸ਼ਨ ਫਾਰਮ ਦੇ ਕਈ ਕਾਲਮ ਬਿਨਾਂ ਭਰੇ ਖਾਲੀ ਛੱਡ ਦਿੱਤੇ ਹਨ। ਇਸ ਲਈ ਕਮਿਸ਼ਨ ਨੇ ਮੋਰਚੇ ਨੂੰ ਕਈ ਤਰੁੱਟੀਆਂ ਦੂਰ ਕਰਨ ਵਾਸਤੇ ਕਿਹਾ ਹੈ।
ਦੂਜੇ ਪਾਸੇ ਪਾਰਟੀ ਦੇ ਆਗੂ ਇਹ ਤਰੁੱਟੀਆਂ ਦੂਰ ਕਰ ਕੇ ਰਜਿਸਟਰੇਸ਼ਨ ਮੁਕੰਮਲ ਕਰਵਾਉਣ ਲਈ ਸਿਰਤੋੜ ਯਤਨ ਕਰ ਰਹੇ ਹਨ।
ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਚੋਣ ਕਮਿਸ਼ਨ ’ਤੇ ਆਪ ਦਾ ਨੁਕਸਾਨ ਕਰਨ ਲਈ ਨਿਯਮ ਤੋੜ ਮਰੋੜ ਕੇ ਮੋਰਚੇ ਦੀ ਪਾਰਟੀ ਦੀ ਰਜਿਸਟਰੇਸ਼ਨ ਕਰਨ ਦੇ ਦੋਸ਼ ਲਗਾਏ ਸਨ, ਹਾਲਾਂਕਿ ਉਹਨਾਂ ਨੇ ਮੋਰਚੇ ਦਾ ਨਾਂ ਨਹੀਂ ਲਿਆ ਸੀ।