ਮਾਨਸਾ : ਸੂਬਾ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਸੱਦੇ ‘ਤੇ ਮਾਨਸਾ ਵਿੱਖੇ ਤਿੰਨ ਕੋਨੀਆਂ ਪੁਲ ਵਿਖੇ ਧਰਨਾ 6ਵੇਂ ਦਿਨ ਵੀ ਜਾਰੀ ਹੈ ਅਤੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ-ਮਜ਼ਦੂਰਾਂ ਨੇ ਹਾਜ਼ਰੀ ਲਵਾਈ ਹੈ ।
ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂਆਂ ਪੰਜਾਬ ਸਰਕਾਰ ਤੇ ਵਰਦਿਆਂ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਵਿਧਾਇਕ ਗੁਜਰਾਤ ਦੀ ਚੋਣਾਂ ਵਿੱਚ ਰੁੱਝੇ ਹੋਏ ਹਨ ਪਰ ਪੰਜਾਬ ਦੀ ਜਨਤਾ ਨੂੰ ਲਾਵਾਰਿਸ ਛੱਡਿਆ ਹੋਇਆ ਹੈ । ਬਦਲਾਅ ਦਾ ਨਾਅਰਾ ਮਾਰ ਕੇ ਆਈ ਆਮ ਆਦਮੀ ਪਾਰਟੀ ਨੇ ਪਹਿਲੀਆਂ ਸਰਕਾਰਾਂ ਵਾਂਗ ਹੀ ਲੋਕਾਂ ਦੇ ਨੱਕ ‘ਚ ਦਮ ਕਰ ਰੱਖਿਆ ਹੈ ਅਤੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਆਪਣੀ ਹਰਮਨ ਪਿਆਰਤਾ ਗੁਆ ਚੁੱਕੀ ਹੈ ।
ਉਹਨਾਂ ਇਹ ਵੀ ਦਾਅਵਾ ਕੀਤਾ ਕਿ ਕਿਹਾ ਕਿ ਸੂਬਾ ਸਰਕਾਰ ਵੀ ਕਾਰਪੋਰੇਟ ਘਰਾਣਿਆਂ ਦੀ ਰਖੇਲ ਬਣ ਚੁੱਕੀ ਹੈ ਪਰ ਆਉਣ ਵਾਲੇ ਸਮੇਂ ਵਿੱਚ ਇਸਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਏਗਾ । ਉਨ੍ਹਾਂ ਕਿਹਾ ਕਿ ਜਿੰਨਾਂ ਸਮਾਂ ਸਰਕਾਰ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀ ਕਰਦੀ, ਸੰਘਰਸ਼ ਜਾਰੀ ਰਹੇਗਾ ।
ਇਸ ਧਰਨੇ ਦੇ ਦੌਰਾਨ ਸਾਬਕਾ ਕੈਬਿਨਟ ਮੰਤਰੀ ਵਿਜੈ ਸਿੰਗਲਾ ਵੀ ਧਰਨੇ ਤੇ ਹਾਜ਼ਰੀ ਲਵਾਉਣ ਆਏ ਤੇ ਉਹਨਾਂ ਨੇ ਧਰਨਾਕਾਰੀਆਂ ਨੂੰ ਐਬੁੰਲੈਂਸ ਤੇ ਸਕੂਲ ਵਾਲੀਆਂ ਗੱਡੀਆਂ ਨੂੰ ਰਾਹ ਦੇਣ ਦਾ ਗੱਲ ਵੀ ਆਖੀ,ਜਿਸ ਤੇ ਜਥੇਬੰਦੀ ਨੇ ਗੋਰ ਕਰਨ ਲਈ ਹਾਮੀ ਭਰੀ ਹੈ ।
ਮੁੱਖ ਮੰਤਰੀ ਪੰਜਾਬ ਵਲੋਂ ਧਰਨਾਕਾਰੀਆਂ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਇਸ ਬਾਰੇ ਤਾਂ ਮੁੱਖ ਮੰਤਰੀ ਸਾਹਿਬ ਹੀ ਦੱਸ ਸਕਦੇ ਆ,ਉਹ ਤਾਂ ਇਲਾਕੇ ਦੇ ਨੁਮਾਇੰਦੇ ਹੋਣ ਦੇ ਨਾਤੇ ਲੋਕਾਂ ਨੂੰ ਦਰਪੇਸ਼ ਆ ਰਹੀਆਂ ਮੁਸੀਬਤਾਂ ਬਾਰੇ ਗੱਲ ਕਰਨ ਆਏ ਸੀ।