Punjab

ਸੰਯੁਕਤ ਕਿਸਾਨ ਮੋਰਚਾ ਭਲਕ ਨੂੰ ਪੰਜਾਬ ਵਿੱਚ ਰੇਲ ਰੋਕੋ ਅੰਦੋਲਨ

ਦ ਖ਼ਾਲਸ ਬਿਊਰੋ : ਸੰਯੁਕਤ ਕਿਸਾਨ ਮੋਰਚਾ ਵਲੋਂ ਲਮਕਦੀਆਂ ਮੰਗਾਂ ਦੀ ਪੂਰਤੀ ਲਈ ਭਲਕੇ ਨੂੰ ਪੰਜਾਬ ਭਰ ਵਿੱਚ ਚਾਰ ਘੰਟਿਆਂ ਲਈ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਇਹ ਜਾਮ 11 ਵਜੇ ਤੋਂ 3 ਵਜੇ ਤੱਕ ਹੋਵੇਗਾ ।

ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਦਾ ਕਹਿਣਾ ਹੈ  ਕਿ ਮੌਜੂਦਾ ਕਿਸਾਨੀ ਮੰਗਾਂ ਤੇ ਦਿੱਲੀ ਅੰਦੋਲਨ ਮੁਲਤਵੀ ਕਰਨ ਉਪਰੰਤ ਰਹਿੰਦੀਆਂ ਮੰਗਾਂ ਪਾਸ ਕਰਾਉਣ ਨੂੰ ਲੈਕੇ ਜਿੱਥੇ ਦੇਸ਼ ਦੇ ਹੋਰ ਸੂਬਿਆਂ ਅੰਦਰ ਸੜਕੀ ਆਵਾਜਾਈ ਬੰਦ ਕਰਕੇ ਚੱਕਾ ਜਾਮ ਕੀਤਾ ਜਾਵੇਗਾ ,ਉਥੇ ਪੰਜਾਬ ਅੰਦਰ “ਰੇਲਵੇ ਟਰੈਕ” ਰੋਕੇ ਜਾਣਗੇ।


ਉਨ੍ਹਾਂ ਇਹ ਵੀ ਦੱਸਿਆ ਕਿ ਭਲਕੇ ਹੀ ਜਾਮ ਦੌਰਾਨ ਊਧਮ ਸਿੰਘ ਦਾ ਸਹੀਦੀ ਦਿਹਾੜਾ ਮਨਾਇਆ ਜਾਵੇਗਾ। ਕਿਸਾਨ ਆਗੂ ਨੇ ਕਿਹਾ ਕਿ ਕੱਲ ਨੂੰ ਯਾਤਰੀ ਰੇਲਵੇ ਸਫਰ ਨਾ ਕਰਨ ਅਤੇ ਦੇਸ ਦੀ ਆਰਥਿਕਤਾ ਨੂੰ ਉਪਰ ਚੁੱਕਣ ਲਈ ਅਤੇ ਦੇਸ ਦੇ ਅੰਨਦਾਤਾ ਨੂੰ ਬਚਾਉਣ ਲਈ ਕਿਸਾਨੀ ਅੰਦੋਲਨ ਦਾ ਸਮਰਥਨ ਕਰਨ। ਉਨ੍ਹਾਂ ਕਿਹਾ ਕਿ ਕਿਸਾਨੀ ਸੰਕਟ ਹੱਲ ਕਰਵਾਉਣ ਲਈ ਕੇਂਦਰ ਸਰਕਾਰ ਦੀਆਂ ਕਾਲੀਆਂ ਨੀਤੀਆਂ ਨੂੰ ਮੋੜਾ ਦੇਣ ਦਾ ਇੱਕੋ ਇੱਕ ਅੰਦੋਲਨ ਹੀ ਰਾਹ ਬਚਿਆ ਹੈ,ਇਸ ਦੇ ਨਾਲ ਹੀ ਦੇਸ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥੀਂ ਜਾਣ ਤੋਂ ਬਚਾਇਆ ਜਾ ਸਕਦਾ ਹੈ।