India Punjab

ਕਿਸਾਨਾ ਨੇ ਤੋਮਰ ਨੂੰ ਦਿੱਤਾ ਜਵਾਬ, MSP ਦਾ ਚੇਅਰਮੈਨ ਕੌਣ

ਦ ਖ਼ਾਲਸ ਬਿਊਰੋ : ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਐਮਐਸਪੀ ਕਮੇਟੀ ਲਈ ਨਾਂ ਨਾ ਭੇਜਣ ‘ਤੇ ਜਵਾਬ ਦਿੱਤਾ ਹੈ। ਮੋਰਚੇ ਨਾਲ ਜੁੜੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜਗਮੋਹਨ ਸਿੰਘ ਨੇ ਕਿਹਾ ਕਿ ਖੇਤਾਬਾੜੀ ਮੰਤਰੀ ਨੇ ਇੱਕ ਤਰਫਾ ਗੱਲ ਕੀਤੀ ਹੈ।  ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ ਸਾਡੇ ਤੋਂ ਦੋ ਨਾਂ ਮੰਗੇ ਸਨ। ਇਸ ਪੱਤਰ ਦੇ ਜਵਾਬ ਵਿੱਚ ਅਸੀਂ ਪੁੱਛਿਆ ਸੀ ਕਿ ਇਸ ਕਮੇਟੀ ਦਾ ਮੈਂਬਰ ਅਤੇ ਚੇਅਰਮੈਨ ਕੌਣ ਹੋਵੇਗਾ। ਚੇਅਰਮੈਨ ਖੇਤੀਬਾੜੀ ਨਾਲ ਸੰਬੰਧਿਤ ਹੋਵੇਗਾ ਜਾਂ ਕੋਈ ਸਿਆਸੀ ਆਗੂ। ਅਸੀਂ ਚਾਹੁੰਦੇ ਹਾਂ ਕਿ ਇੱਕ ਕਿਸਾਨ ਚੇਅਰਮੈਨ ਬਣੇ।

ਇਸ ਦੇ ਨਾਲ ਹੀ ਇਸ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਤੁਰੰਤ ਲਾਗੂ ਕੀਤਾ ਜਾਵੇਗਾ ਜਾਂ ਫਾਈਲ ਪਿਛਲੀਆਂ ਕਮੇਟੀਆਂ ਵਾਂਗ ਧੂੜ ਚੱਟਦੀ ਰਹੇਗੀ। ਉਨ੍ਹਾਂ ਕਿਹਾ ਕਿ ਅਸੀਂ ਇਸ ਸਬੰਧੀ ਕੇਂਦਰ ਨੂੰ ਪੱਤਰ ਲਿਖਿਆ ਹੈ। ਇੱਕ ਈ-ਮੇਲ ਵੀ ਭੇਜੀ ਗਈ ਸੀ। ਜਿਸ ਦਾ ਸਾਨੂੰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ। ਕੇਂਦਰੀ ਮੰਤਰੀ ਨਰਿੰਦਰ ਤੋਮਰ ਨੇ ਰਾਜ ਸਭਾ ਵਿਚ ਕਿਹਾ ਕਿ ਜਿਵੇਂ ਹੀ ਸੰਯੁਕਤ ਕਿਸਾਨ ਮੋਰਚਾ ਤੋਂ ਨਾਂ ਮਿਲ ਜਾਣਗੇ ਤਾਂ MSP ਉਤੇ ਤੁਰੰਤ ਕਮੇਟੀ ਬਣਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਐਲਾਨ ‘ਤੇ ਕਾਇਮ ਹੈ। ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ‘ਤੇ 378 ਦਿਨ ਕਿਸਾਨ ਅੰਦੋਲਨ ਚੱਲਿਆ ਸੀ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਨੂੰਨ ਵਾਪਸੀ ਦਾ ਐਲਾਨ ਕੀਤਾ ਸੀ। ਉਸੇ ਦਿਨ ਪੀਐੱਮ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਐੱਮਐੱਸਪੀ ਕਮੇਟੀ ਬਣਾਏਗੀ।।