India Punjab

ਕਿਸਾਨ ਹਰਿਆਣਾ ਸਰਕਾਰ ਦਾ ਗ੍ਰਿਫਤਾਰੀਆਂ ਵਾਲਾ ਸ਼ੌਕ ਕਰਨਗੇ ਪੂਰਾ, ਮੋਰਚਿਆਂ ‘ਤੇ ਔਰਤਾਂ ਲਈ ਬਣੇਗੀ ਜਥੇਬੰਦੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮੋਰਚੇ ਨੂੰ ਹੋਰ ਤੇਜ਼ ਕਰਨ ਲਈ ਕਿਸਾਨ ਲੀਡਰਾਂ ਨੇ ਅੱਜ ਕਈ ਅਹਿਮ ਅਤੇ ਵੱਡੇ ਫੈਸਲੇ ਕੀਤੇ ਹਨ। ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਜਦੋਂ ਤੱਕ ਹਰਿਆਣਾ ਸਰਕਾਰ ਹਰਿਆਣਾ ਵਿੱਚ ਕਿਸਾਨਾਂ ‘ਤੇ ਦਰਜ ਕੀਤੇ ਗਏ ਕੇਸ ਵਾਪਸ ਨਹੀਂ ਲੈਂਦੀ, ਉਦੋਂ ਤੱਕ ਅੰਦੋਲਨ ਜਾਰੀ ਰਹੇਗਾ।

ਕੀ ਹਨ ਕਿਸਾਨਾਂ ਦੇ ਅਹਿਮ ਐਲਾਨ

  • ਕਿਸਾਨ ਲੀਡਰਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੂੰ ਗ੍ਰਿਫਤਾਰੀਆਂ ਦਾ ਬਹੁਤ ਸ਼ੌਕ ਹੈ, ਇਸ ਲਈ ਕੱਲ੍ਹ ਸਵੇਰੇ 11 ਵਜੇ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਅਤੇ ਕਿਸਾਨ ਲੀਡਰ ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਟੋਹਾਣਾ ਸਿਟੀ ਥਾਣੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਗ੍ਰਿਫਤਾਰੀ ਦੇਣ ਲਈ ਜਾਣਗੇ।
  • ਇਹ ਸਿਲਸਿਲਾ ਆਖਰੀ ਨਹੀਂ ਹੋਵੇਗਾ, ਬਲਕਿ ਕੱਲ੍ਹ ਇਸਦੀ ਸ਼ੁਰੂਆਤ ਹੋਵੇਗੀ ਅਤੇ ਇਹ ਸਿਲਸਿਲਾ ਨਿਰੰਤਰ ਜਾਰੀ ਰਹੇਗਾ।
  • ਇਹ ਸਿਲਸਿਲਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ। ਕਿਸਾਨਾਂ ਨੇ ਕਿਹਾ ਕਿ ਅਸੀਂ ਹਰਿਆਣਾ ਸਰਕਾਰ ਦੀ ਸਮਰੱਥਾ ਵੇਖਾਂਗੇ ਕਿ ਉਹ ਕਿੰਨੇ ਕੁ ਕਿਸਾਨਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ। ਹਰਿਆਣਾ ਸਰਕਾਰ ਆਪਣੀਆਂ ਜੇਲ੍ਹਾਂ ਤਿਆਰ ਕਰੇ, ਅਸੀਂ ਦੇਖਾਂਗੇ ਕਿ ਸਰਕਾਰ ਕੋਲ ਕਿੰਨੀਆਂ ਕੁ ਜੇਲ੍ਹਾਂ ਹਨ।
  • 7 ਜੂਨ ਨੂੰ ਪੂਰੇ ਹਰਿਆਣਾ ਵਿੱਚ ਸ਼ਾਮ ਦੇ 4 ਵਜੇ ਤੱਕ ਸਾਰੇ ਪੁਲਿਸ ਥਾਣਿਆਂ ਦੇ ਸਾਹਮਣੇ ਧਰਨਾ ਲਗਾਇਆ ਜਾਵੇਗਾ। ਇਹ ਧਰਨਾ ਸ਼ਾਂਤਮਈ ਲਾਇਆ ਜਾਵੇਗਾ।
  • ਕਿਸਾਨ ਅੰਦੋਲਨ ਦੌਰਾਨ ਹਰ ਮੋਰਚੇ ‘ਤੇ ਔਰਤਾਂ ਇੱਕ ਜਥੇਬੰਦੀ ਬਣਾਈ ਜਾਵੇਗੀ। ਕਿਸਾਨਾਂ ਨੇ ਕਿਹਾ ਕਿ ਸਾਰੇ ਮੋਰਚਿਆਂ ‘ਤੇ ਔਰਤਾਂ ਵੱਡੀ ਗਿਣਤੀ ਵਿੱਚ ਹਨ ਅਤੇ ਅਸੀਂ ਇਹ ਮਹਿਸੂਸ ਕੀਤਾ ਹੈ ਕਿ ਕਈ ਵਾਰ ਔਰਤਾਂ ਸ਼ਰਮ ਜਾਂ ਝਿਝਕ ਨਾਲ ਆਪਣੀਆਂ ਮੁਸ਼ਕਿਲਾਂ ਨਹੀਂ ਦੱਸ ਪਾਉਂਦੀਆਂ। ਇਸ ਲਈ ਹਰ ਮੋਰਚੇ ‘ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਲਈ ਇੱਕ ਕਮੇਟੀ ਹੋਵੇਗੀ।
  • ਕਿਸਾਨਾਂ ਨੇ ਕਿਹਾ ਕਿ ਯੂਪੀ ਸਮੇਤ ਵੱਖ-ਵੱਖ ਥਾਂਵਾਂ ‘ਤੇ, ਜਿੱਥੇ ਕਿਸਾਨ ਅੰਦੋਲਨ ਨੂੰ ਹਾਲੇ ਇੰਨਾ ਸਮਰਥਨ ਨਹੀਂ ਮਿਲਿਆ, ਉਨ੍ਹਾਂ ਸੂਬਿਆਂ ਵਿੱਚ ਜਾ-ਜਾ ਕੇ ਅਸੀਂ ਕਿਸਾਨ ਅੰਦੋਲਨ ਦਾ ਵਿਸਥਾਰ ਕਰਾਂਗੇ।
  • ਕਿਸਾਨ ਲੀਡਰਾਂ ਨੇ ਕਿਹਾ ਕਿ ਸਰਕਾਰ ਕਿਸਾਨ ਮੋਰਚਿਆਂ ਤੋਂ ਮੋਬਾਇਲ ਟਾਇਲਟ ਅਤੇ ਪਾਣੀ ਦੇ ਟੈਂਕਰਾਂ ਨੂੰ ਹਟਾ ਰਹੀ ਹੈ। ਅਸੀਂ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਸਰਕਾਰ ਆਪਣੀਆਂ ਇਨ੍ਹਾਂ ਨੀਚ ਹਰਕਤਾਂ ਤੋਂ ਬਾਜ਼ ਆਏ, ਨਹੀਂ ਤਾਂ ਇਸਦੇ ਮਾੜੇ ਸਿੱਟੇ ਸਰਕਾਰ ਨੂੰ ਭੁਗਤਣੇ ਪੈਣਗੇ। ਮੋਬਾਇਲ ਟਾਇਲਟ ਅਤੇ ਪਾਣੀ ਦੇ ਟੈਂਕਰ ਇਨਸਾਨ ਦੀ ਮੂਲ ਜ਼ਰੂਰਤ ਹੈ। ਇਹ ਸਹੂਲਤਾਂ ਤਾਂ ਸਰਕਾਰ ਨੂੰ ਦੇਣੀਆਂ ਚਾਹੀਦੀਆਂ ਸਨ ਪਰ ਸਰਕਾਰ ਉਲਟਾ ਸਾਡੇ ਤੋਂ ਇਹ ਸਹੂਲਤਾਂ ਖੋਹ ਰਹੀ ਹੈ।
  • ਚੜੂਨੀ ਨੇ ਕਿਹਾ ਕਿ ਜੋ ਕਿਸਾਨ ਬੀਜੇਪੀ, ਜੇਜੇਪੀ ਲੀਡਰਾਂ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਲਈ ਵੀ ਅਸੀਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਲਈ ਅਸੀਂ ਹੁਣ ਸਿਰਫ ਉੱਥੇ ਹੀ ਉਨ੍ਹਾਂ ਦਾ ਘਿਰਾਉ ਕਰਾਂਗੇ, ਜਿੱਥੇ ਉਹ ਕਿਸੇ ਸਰਕਾਰੀ ਕੰਮ ਦੇ ਲਈ ਆਉਂਦੇ ਹਨ। ਘਿਰਾਉ ਵੀ ਸ਼ਾਂਤੀ ਨਾਲ ਕਰਨਾ ਹੈ। ਜਿੱਥੇ ਉਹ ਆਪਣੇ ਨਿੱਜੀ ਕੰਮ ਦੇ ਲਈ ਜਾਂਦੇ ਹਨ, ਉੱਥੇ ਉਨ੍ਹਾਂ ਦਾ ਵਿਰੋਧ ਨਾ ਕੀਤਾ ਜਾਵੇ।