India Punjab

ਕਿਸਾਨ ਮੋਰਚਿਆਂ ‘ਤੇ ਕਿਸਾਨ ਕਰਨਗੇ ਘੱਲੂਘਾਰਾ ਦਿਵਸ ਦੀ ਅਰਦਾਸ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਨੇ 5 ਜੂਨ ਨੂੰ “ਸੰਪੂਰਨ ਕ੍ਰਾਂਤੀ ਦਿਹਾੜਾ” ਮਨਾਉਣ ਦਾ ਐਲਾਨ ਕੀਤਾ ਹੈ। ਇਸ ਦਿਨ ਭਾਜਪਾ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਦੇ ਲੀਡਰਾਂ ਦੇ ਦਫਤਰਾਂ ਅਤੇ ਘਰਾਂ ਦੇ ਬਾਹਰ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਕਿਸਾਨ ਲੀਡਰਾਂ ਨੇ ਕਿਹਾ ਕਿ ਇਹ ਵਿਰੋਧ ਪ੍ਰਦਰਸ਼ਨ ਪੂਰੀ ਤਰ੍ਹਾਂ ਸ਼ਾਂਤਮਈ ਰਹੇਗਾ। 6 ਜੂਨ ਨੂੰ ਕਿਸਾਨ ਲੀਡਰ ਮੰਦਸੌਰ ਵਿਖੇ ਇਕੱਠੇ ਹੋ ਕੇ ਮੰਦਸੌਰ ਗੋਲੀਕਾਂਡ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। 6 ਜੂਨ ਨੂੰ ਘੱਲੂਘਾਰਾ ਦਿਵਸ ‘ਤੇ ਅਰਦਾਸ ਕੀਤੀ ਜਾਵੇਗੀ।

5 ਜੂਨ ਨੂੰ ਕਿਉਂ ਮਨਾਉਣਗੇ ਸੰਪੂਰਨ ਕ੍ਰਾਂਤੀ ਦਿਹਾੜਾ

  • ਪਿਛਲੇ ਸਾਲ 5 ਜੂਨ ਨੂੰ ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ ਸਨ।
  • ਕਿਸਾਨ ਲੀਡਰਾਂ ਨੇ ਕਿਹਾ ਕਿ ਕਰੋਨਾ ਤਾਲਾਬੰਦੀ ਦੀ ਆੜ ਵਿੱਚ ਸਰਕਾਰ ਨੇ ਦੇਸ਼ ਦੇ ਲੋਕਾਂ ਉੱਤੇ ਤਿੰਨ ਕਾਨੂੰਨ ਲਗਾਏ।
  • ਇਨ੍ਹਾਂ ਕਾਨੂੰਨਾਂ ਦਾ ਕਿਸਾਨਾਂ ਅਤੇ ਆਮ ਲੋਕਾਂ ਨੇ ਖੁੱਲ੍ਹ ਕੇ ਵਿਰੋਧ ਕੀਤਾ।
  • ਜੈਪ੍ਰਕਾਸ਼ ਨਾਰਾਇਣ ਅਤੇ ਹੋਰ ਲੀਡਰਾਂ ਦੀ ਅਗਵਾਈ ਹੇਠ ਤਤਕਾਲੀ ਸਰਕਾਰ ਦੇ ਫਾਸੀਵਾਦੀ ਅਤੇ ਸ਼ੋਸ਼ਣਵਾਦੀ ਰਵੱਈਏ ਵਿਰੁੱਧ 1974 ਵਿੱਚ ਇੱਕ ਲੋਕ ਲਹਿਰ ਚੱਲੀ ਸੀ।
  • 5 ਜੂਨ, 1974 ਨੂੰ ਜੈਪ੍ਰਕਾਸ਼ ਨਾਰਾਇਣ ਨੇ ‘ਸੰਪੂਰਨ ਕ੍ਰਾਂਤੀ’ ਦਾ ਨਾਅਰਾ ਦਿੱਤਾ ਅਤੇ ਅੰਤ ਵਿੱਚ ਕੇਂਦਰ ਸਰਕਾਰ ਨੂੰ ਇਸ ਦਾ ਸਿੱਟਾ ਭੁਗਤਣਾ ਪਿਆ ਸੀ।

ਕੀ ਹੈ ਮੰਦਸੌਰ ਗੋਲੀਕਾਂਡ

6 ਜੂਨ, 2017 ਨੂੰ ਮੱਧ ਪ੍ਰਦੇਸ਼ ਦੇ ਮੰਦਸੌਰ ਵਿੱਚ ਸਰਕਾਰ ਸਾਹਮਣੇ ਆਪਣੀਆਂ ਮੁੱਢਲੀਆਂ ਮੰਗਾਂ ਅੱਗੇ ਰੱਖਣ ਲਈ ਵਿਰੋਧ ਪ੍ਰਦਰਸ਼ਨ ਕਰਨ ‘ਤੇ ਪੁਲਿਸ ਵੱਲੋਂ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਗਿਆ ਅਤੇ ਗੋਲੀਆਂ ਚਲਾਈਆਂ ਗਈਆਂ। ਇਸ ਗੋਲੀਕਾਂਡ ਵਿੱਚ 6 ਕਿਸਾਨ ਸ਼ਹੀਦ ਹੋਏ ਅਤੇ ਸੈਂਕੜੇ ਜ਼ਖਮੀ ਹੋਏ ਸਨ। ਉਸ ਤੋਂ ਬਾਅਦ ਦੇਸ਼ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਅਤੇ ਦੇਸ਼ ਭਰ ਵਿੱਚ ਕਿਸਾਨਾਂ ਦਾ ਤਾਲਮੇਲ ਸਥਾਪਤ ਹੋਇਆ। ਸੰਯੁਕਤ ਕਿਸਾਨ ਮੋਰਚਾ ਨੇ ਸਾਰੇ ਦੇਸ਼ ਵਾਸੀਆਂ ਨੂੰ 6 ਜੂਨ ਨੂੰ ਇਸ ਅੰਦੋਲਨ ਦੇ ਅਤੇ ਮੰਦਸੌਰ ਦੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਇੱਕ ਪ੍ਰਣ ਲੈਣ ਦੀ ਅਪੀਲ ਕੀਤੀ ਹੈ ਕਿ ਕਿਸਾਨ ਕਿਸੇ ਵੀ ਪੁਲਿਸ ਕਾਰਵਾਈ ਤੋਂ ਨਹੀਂ ਡਰਨਗੇ ਅਤੇ ਸੰਘਰਸ਼ ਜਾਰੀ ਰੱਖਣਗੇ।

ਹੇਮਕੁੰਟ ਫਾਉਂਡੇਸ਼ਨ ਤੇ ਹੋਏ ਹਮਲੇ ਦੀ ਕੀਤੀ ਨਿੰਦਾ

ਕਿਸਾਨ ਲੀਡਰਾਂ ਨੇ ਦੱਸਿਆ ਕਿ ਹੇਮਕੁੰਟ ਫਾਉਂਡੇਸ਼ਨ, ਜਿਸ ਨੇ ਕਿਸਾਨ ਅੰਦੋਲਨ ਵਿੱਚ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਵਿੱਚ ਸਹਾਇਤਾ ਕੀਤੀ ਹੈ, ਦੇ ਅਸਥਾਈ ਕੋਵਿਡ ਹਸਪਤਾਲ ‘ਤੇ ਕੁੱਝ ਅਰਾਜਕ ਤੱਤਾਂ ਨੇ ਹਮਲਾ ਕਰਕੇ ਕਾਫੀ ਨੁਕਸਾਨ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਹੇਮਕੁੰਟ ਫਾਉਂਡੇਸ਼ਨ ਮਨੁੱਖਤਾ ਅਤੇ ਲੋਕ ਭਲਾਈ ਲਈ ਸਮਰਪਿਤ ਹੈ। ਕਿਸਾਨ ਲੀਡਰਾਂ ਨੇ ਇਸ ਘਟਨਾ ਦੀ ਸਖਤ ਨਿੰਦਾ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੇਮਕੁੰਟ ਫਾਉਂਡੇਸ਼ਨ ਨੂੰ ਹਰ ਸੰਭਵ ਸਹਿਯੋਗ ਦੇਣ।

ਕਿਸਾਨ ਲੀਡਰਾਂ ਨੇ ਹਰਿਆਣਾ ਦੇ ਟੋਹਾਣਾ ਵਿੱਚ ਵਿਧਾਇਕ ਦੇਵੇਂਦਰ ਬਬਲੀ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਕਿਸਾਨਾਂ ਨੇ ਹਰਿਆਣਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਸਾਰੇ ਕਿਸਾਨਾਂ ਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ ਅਤੇ ਸਾਰੇ ਕੇਸ ਵਾਪਸ ਕੀਤੇ ਜਾਣ, ਨਹੀਂ ਤਾਂ ਪੂਰੇ ਹਰਿਆਣਾ ਵਿੱਚ ਇਸ ਦਾ ਸਖ਼ਤ ਵਿਰੋਧ ਪ੍ਰਦਰਸ਼ਨ ਹੋਵੇਗਾ।