‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਮੋਰਚਿਆਂ ‘ਤੇ ਅੱਜ ਸਰਹਿੰਦ ਫਤਹਿ ਦਿਵਸ ਮਨਾਇਆ ਗਿਆ। ਕਿਸਾਨਾਂ ਨੇ ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਦਿਆਂ ਖੇਤੀ ਕਾਨੂੰਨ ਰੱਦ ਕਰਵਾਉਣ ਤੱਕ ਡਟੇ ਰਹਿਣ ਦਾ ਪ੍ਰਣ ਕੀਤਾ। ਕਿਸਾਨਾਂ ਨੇ ਗਾਜੀਪੁਰ ਬਾਰਡਰ ‘ਤੇ 1857 ਵਿਦਰੋਹ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਹੀਦ ਮੰਗਲ ਪਾਂਡੇ ਅਤੇ ਹੋਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਦਿੱਲੀ ਦੇ ਕਿਸਾਨ ਮੋਰਚਿਆਂ ‘ਤੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਲਗਾਤਾਰ ਪਹੁੰਚ ਰਹੇ ਹਨ। ਪੰਜਾਬ ਤੋਂ ਸੈਂਕੜੇ ਕਿਸਾਨਾਂ ਦੇ ਕਾਫਲੇ ਅੱਜ ਸਿੰਘੂ ਅਤੇ ਟਿਕਰੀ ਬਾਰਡਰ ‘ਤੇ ਪਹੁੰਚੇ।
ਕਿਸਾਨ ਲੀਡਰਾਂ ਨੇ ਸਮੂਹ ਮੈਡੀਕਲ ਸਟਾਫ ਦਾ ਤਹਿ ਦਿਲੋਂ ਧੰਨਵਾਦ ਕੀਤਾ। ਕਿਸਾਨ ਲੀਡਰਾਂ ਨੇ ਕਿਸਾਨ ਮਜ਼ਦੂਰ ਏਕਤਾ ਹਸਪਤਾਲ ਵਿੱਚ ਲੋਕਾਂ ਦੇ ਸਹਿਯੋਗ ਨਾਲ ਆਕਸੀਜਨ ਕੰਨਸਟ੍ਰੇਟਰ ਅਤੇ ਹੋਰ ਜ਼ਰੂਰੀ ਸਮਾਨ ਮੁਹੱਈਆ ਕਰਵਾਇਆ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਦਿੱਲੀ ਮੋਰਚਿਆਂ ‘ਤੇ ਕਿਸਾਨਾਂ ਦੀ ਸਿਹਤ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।
ਕਿਸਾਨ ਲੀਡਰਾਂ ਨੇ ਕਿਹਾ ਕਿ ਸਰਕਾਰ ਕਿੰਨੀ ਵੀ ਬੇਰਹਿਮ ਕਿਉਂ ਨਾ ਹੋਵੇ, ਮੰਗਾਂ ਪੂਰੀਆਂ ਹੋਣ ‘ਤੇ ਹੀ ਕਿਸਾਨ ਆਪਣਾ ਅੰਦੋਲਨ ਖ਼ਤਮ ਕਰਨਗੇ। ਕਿਸਾਨ ਪਹਿਲਾਂ ਹੀ ਬਹੁਤ ਜ਼ਿਆਦਾ ਦੁੱਖ ਝੱਲ ਰਿਹਾ ਹੈ, ਨਵੇਂ ਖੇਤੀਬਾੜੀ ਕਾਨੂੰਨ ਵੀ ਕਿਸਾਨਾਂ ਦਾ ਸ਼ੋਸ਼ਣ ਕਰਨਗੇ। ਕਰੋਨਾ ਮਹਾਂਮਾਰੀ ਵਿੱਚ ਲੱਖਾਂ ਗਰੀਬ ਲੋਕ ਭੁੱਖਮਰੀ ਵਿੱਚ ਸਮਾਂ ਬਿਤਾ ਰਹੇ ਹਨ। ਜੇ ਪੀਡੀਐੱਸ ਜਨਤਕ ਵੰਡ ਪ੍ਰਣਾਲੀ ਨੂੰ ਬੰਦ ਕਰ ਦਿੱਤਾ ਗਿਆ ਤਾਂ ਦੇਸ਼ ਦੇ ਗਰੀਬ ਲੋਕ ਭੁੱਖਮਰੀ ਨਾਲ ਮਰ ਜਾਣਗੇ। ਇਸ ਅੰਦੋਲਨ ਦੇ ਜ਼ਰੀਏ ਕਿਸਾਨਾਂ ਨੇ ਦੇਸ਼ ਨੂੰ ਇਹ ਗੱਲ ਸਮਝਾਈ ਹੈ ਅਤੇ ਦੇਸ਼ ਦੇ ਨਾਗਰਿਕ ਹੁਣ ਪੂਰੀ ਤਾਕਤ ਨਾਲ ਮਿਲਕੇ ਲੜਨਗੇ। ਇਹੀ ਕਾਰਨ ਹੈ ਕਿ ਮਹਾਂਮਾਰੀ ਦੇ ਸਮੇਂ ਦੌਰਾਨ ਵੀ ਇੰਨੀ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਦੇ ਆਸ-ਪਾਸ ਦੇ ਧਰਨਿਆਂ ਵਿੱਚ ਮੌਜੂਦ ਹਨ।