‘ਦ ਖ਼ਾਲਸ ਟੀਵੀ ਬਿਊਰੋ:-ਸੰਯੁਕਤ ਕਿਸਾਨ ਮੋਰਚੇ ਦੀ ਅੱਜ ਦਿੱਲੀ ਮੋਰਚੇ ‘ਚ ਹੋਈ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ 26 ਨਵੰਬਰ ਨੂੰ ਇਤਿਹਾਸਕ ਕਿਸਾਨ ਸੰਘਰਸ਼ ਦਾ ਇੱਕ ਸਾਲ ਪੂਰਾ ਹੋਣ ਨੂੰ ਮਨਾਇਆ ਜਾਵੇਗਾ। 26 ਨਵੰਬਰ ਨੂੰ ਸੰਵਿਧਾਨ ਦਿਵਸ ਵੀ ਹੈ ਤੇ ਇਸੇ ਦਿਨ 1949 ਵਿੱਚ ਸੰਵਿਧਾਨ ਸਭਾ ਨੇ ਸੰਵਿਧਾਨ ਬਣਾਇਆ ਸੀ। ਇਸ ਤੋਂ ਇਲਾਵਾ 26 ਨਵੰਬਰ ਨੂੰ ਪਿਛਲੇ ਸਾਲ ਮਜਦੂਰ ਵਰਗ ਦੁਆਰਾ ਕਰਵਾਈ ਗਈ ਅਖਿਲ ਭਾਰਤੀ ਹੜਤਾਲ ਦਾ ਇੱਕ ਸਾਲ ਵੀ ਪੂਰਾ ਹੋ ਰਿਹਾ ਹੈ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 26 ਨਵੰਬਰ ਨੂੰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਰਾਜਸਥਾਨ ਤੋਂ ਦਿੱਲੀ ਦੇ ਸਾਰੇ ਮੋਰਚਿਆਂ ਵਿੱਚ ਕਿਸਾਨਾਂ ਦਾ ਇਕੱਠ ਹੋਵੇਗਾ। ਵੱਡੀਆਂ ਸਭਾਵਾਂ ਵੀ ਹੋਣਗੀਆਂ।
29 ਨਵੰਬਰ ਤੋਂ ਦਿੱਲੀ ਵਿਚ ਸੰਸਦ ਦਾ ਸ਼ੀਤਕਾਲ ਸੈਸ਼ਨ (ਵਿੰਟਰ ਸੈਸ਼ਨ) ਹੋਵੇਗਾ। ਐਸਕੇਐਮ ਨੇ ਫੈਸਲਾ ਕੀਤਾ ਹੈ ਕਿ 29 ਨਵੰਬਰ ਤੋਂ ਸੰਸਦ ਦੇ ਇਸ ਸੈਸ਼ਨ ਦੇ ਅੰਤ ਤੱਕ 500 ਕਿਸਾਨ ਟ੍ਰੈਕਟਰ, ਟ੍ਰਾਲੀਆਂ ਵਿਚ ਹਰ ਰੋਜ ਸ਼ਾਂਤਮਈ ਤੇ ਪੂਰੇ ਅਨੁਸ਼ਾਸਨ ਨਾਲ ਸੰਸਦ ਆਉਣਗੇ।
ਕਿਸਾਨਾਂ ਨੇ ਕਿਹਾ ਹੈ ਕਿ ਲਖੀਮਪੁਰ ਖੀਰੀ ਹੱਤਿਆਕਾਂਡ ਵਿਚ ਫਰਾਂਸਿਕ ਜਾਂਚ ਤੋਂ ਪਤਾ ਚੱਲਿਆ ਹੈ ਕਿ ਘਟਨਾ ਵਿੱਚ ਆਸ਼ੀਸ਼ ਮਿਸ਼ਰਾ ਟੇਨੀ ਤੇ ਉਸਦੇ ਸਹਿਯੋਗੀ ਦੀ ਬੰਦੂਕ ਤੋਂ ਗੋਲੀ ਚਲਾਈ ਗਈ ਸੀ। ਇਹ ਸਪਸ਼ਟ ਹੈ ਕਿ ਸੂਬਾ ਮੰਤਰੀ ਅਜੈ ਮਿਸ਼ਰਾ ਟੇਨੀ ਦਾ ਲੜਕਾ ਦੋਸ਼ੀ ਹੈ।
ਕਿਸਾਨਾਂ ਨੇ ਫੈਸਲਾ ਕੀਤਾ ਕਿ 28 ਨਵੰਬਰ ਨੂੰ ਮੁੰਬਈ ਦੇ ਆਜਾਦ ਮੈਦਾਨ ਵਿਚ ਇਕ ਵਿਸ਼ਾਲ ਕਿਸਾਨ ਮਜਦੂਰ ਮਹਾਂਪੰਚਾਇਤ ਕਰਵਾਈ ਜਾਵੇਗੀ। ਇਸ ਵਿਚ ਮਹਾਂਰਾਸ਼ਟਰ ਦੇ 100 ਤੋਂ ਵੱਧ ਸੰਗਠਨ ਰੂਪ ਨਾਲ ਇਕੱਠੇ ਹੋਣਗੇ। 28 ਨਵੰਬਰ ਦਾ ਦਿਨ ਮਹਾਨ ਸਮਾਜ ਸੁਧਾਰਕ ਮਹਾਤਮਾ ਜਿਓਤੀਰਾਓ ਫੂਲੇ ਦੀ ਵਰ੍ਹੇਗੰਢ ਦੇ ਰੂਪ ਵਿਚ ਮਨਾਈ ਜਾਂਦੀ ਹੈ। 27 ਅਕਤੂਬਰ ਤੋਂ ਪੁਣੇ ਤੋਂ ਸ਼ੁਰੂ ਹੋਈਆਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸਮਰਪਿਤ ਕਲਸ਼ ਯਾਤਰਾਵਾਂ 27 ਨਵੰਬਰ ਨੂੰ ਮੁੰਬਈ ਇਕੱਠੀਆਂ ਹੋਣਗੀਆਂ।