India

ਸੰਯੁਕਤ ਕਿਸਾਨ ਮੋਰਚਾ ਨੇ ਹਰਿਆਣਾ ਦੇ ਭਟਗਾਓਂ ਸੋਨੀਪਤ ਵਿਖੇ ਕੱਢਿਆ ਮਸ਼ਾਲ ਜਲੂਸ, ਮੱਧ ਪ੍ਰਦੇਸ਼ ਵਿੱਚ ਨੌਜਵਾਨਾਂ ਨੇ ਆਪਣੇ ਖੂਨ ਨਾਲ ਲਿਖਿਆ ਇਨਕਲਾਬ ਜਿੰਦਾਬਾਦ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ 26 ਮਾਰਚ ਦੇ ਭਾਰਤ ਬੰਦ ਨੂੰ ਸਫ਼ਲ ਕਰਨ ਲਈ ਪਿੰਡ ਵੱਲਾ ਵਿਖੇ ਕਿਸਾਨਾਂ,ਮਜਦੂਰਾਂ, ਬੀਬੀਆਂ ਦਾ ਵਿਸ਼ਾਲ ਇਕੱਠ ਕਰਕੇ ਪਰਿਵਾਰਾਂ ਸਮੇਤ ਸ਼ਾਮਲ ਹੋਣ ਲਈ ਲਾਮਬੰਦ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਦੇਸ਼ ਪੱਧਰੀ ਭਾਰਤ ਬੰਦ ਦੀ ਕਾਲ ਨੂੰ ਕਾਮਯਾਬ ਕਰਨ ਲਈ ਪਿੰਡ ਪੱਧਰ ਉਤੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਸੰਯੁਕਤ ਕਿਸਾਨ ਮੋਰਚਾ ਨੇ ਦੇਸ਼ਵਾਸੀਆਂ ਨੂੰ 26 ਮਾਰਚ ਨੂੰ ਮੁੰਕਮਲ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਤਿਆਰੀਆਂ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਇੱਕ ਪ੍ਰੈੱਸ ਬਿਆਨ ਵਿੱਚ ਮੋਰਚਾ ਨੇ ਕਿਹਾ ਕਿ ਪਿਛਲੇ 4 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਕਿਸਾਨਾਂ ਦੀ ਮੰਗਾ ਮੰਨਣ ਦੀ ਬਜਾਏ ਸਰਕਾਰ ਇਸ ਨੂੰ ਪੂਰੀ ਤਰ੍ਹਾਂ ਬਦਨਾਮ ਕਰ ਰਹੀ ਹੈ। 26 ਮਾਰਚ ਨੂੰ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ, ਸਾਰੇ ਸੜਕ ਅਤੇ ਰੇਲ ਆਵਾਜਾਈ, ਸਾਰੇ ਬਾਜ਼ਾਰਾਂ ਅਤੇ ਹੋਰ ਜਨਤਕ ਥਾਵਾਂ ਨੂੰ ਦੇਸ਼ ਭਰ ਵਿੱਚ ਬੰਦ ਕੀਤਾ ਜਾਵੇਗਾ। ਹਾਲਾਂਕਿ, ਇਹ ਉਨ੍ਹਾਂ ਥਾਵਾਂ ਲਈ ਜ਼ਰੂਰੀ ਨਹੀਂ ਹੈ, ਜਿੱਥੇ ਚੋਣਾਂ ਹੋਣ ਜਾ ਰਹੀਆਂ ਹਨ।

ਕਿਸਾਨ ਲੀਡਰਾਂ ਨੇ ਦੱਸਿਆ ਕਿ ਕਿਸਾਨਾਂ ਨੇ ਕੱਲ੍ਹ ਸ਼ਹੀਦੀ ਦਿਵਸ ਮੌਕੇ ਦੇਸ਼ ਭਰ ਵਿੱਚ ਪ੍ਰੋਗਰਾਮ ਆਯੋਜਿਤ ਕੀਤੇ। ਹਰਿਆਣਾ ਦੇ ਭਟਗਾਓਂ ਸੋਨੀਪਤ ਵਿਖੇ ਮਸ਼ਾਲ ਜਲੂਸ ਕੱਢਿਆ ਗਿਆ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਅਸ਼ੋਕਨਗਰ ਵਿੱਚ ਨੌਜਵਾਨਾਂ ਨੇ ਆਪਣੇ ਖੂਨ ਨਾਲ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਿਖੇ ਅਤੇ ਇੱਕ ਖੂਨਦਾਨ ਕੈਂਪ ਲਗਾਇਆ।

ਕਿਸਾਨਾਂ ਨੇ ਓਰਿਸ਼ਾ ਦੇ ਰਾਉਰਕੇਲਾ ਵਿੱਚ ਸ਼ਹੀਦੀ ਦਿਵਸ ਤੇ ਪ੍ਰੋਗਰਾਮ ਆਯੋਜਿਤ ਕੀਤੇ। AIDSO ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਉਤਰਾਖੰਡ ਦੇ ਸ੍ਰੀਨਗਰ ਗੜਵਾਲ ਵਿੱਚ ਕਿਸਾਨਾਂ ਦੇ ਸਮਰਥਨ ਵਿੱਚ ਪ੍ਰੋਗਰਾਮ ਕੀਤੇ। ਏ.ਆਈ.ਕੇ.ਐਮ.ਐੱਸ. ਦੁਆਰਾ ਬਲਿਆ ਦੇ ਨਿਕਾਸੀ ਤੋਂ ਰਸਰਾ ਤੱਕ ਕਿਸਾਨ ਯਾਤਰਾ ਕੱਢੀ। ਏਆਈਕੇਐਮਐਸ ਦੀ ਅਗਵਾਈ ਵਾਲੀ ਕਿਸਾਨ ਯਾਤਰਾ ਟਿਕਰੀ ਬਾਰਡਰ ਪਹੁੰਚੀ ਅਤੇ ਕੁਰੂਕਸ਼ੇਤਰ ਅਤੇ ਸੋਨੀਪਤ ਵਿਚ ਰੈਲੀਆਂ ਵੀ ਹੋਈਆਂ।

ਪੱਛਮੀ ਬੰਗਾਲ ਦੇ ਉੱਤਰਪੜਾ ਵਿੱਚ, ਆਈਐਸਐਫਟੀਯੂ ਅਤੇ ਪੀਵਾਈਐਲ ਕਾਰਕੁਨਾਂ ਨੇ ਸ਼ਹੀਦੀ ਦਿਵਸ ਮਨਾਇਆ ਅਤੇ ਸਫਲ ਭਾਰਤ ਬੰਦ ਦੀ ਅਪੀਲ ਕੀਤੀ। ਵਿਸ਼ਾਖਾਪਟਨਮ ਵਿੱਚ ਵੀ ਸ਼ਹਾਦਤ ਦਿਵਸ ਮੌਕੇ ਕਿਸਾਨਾਂ ਵੱਲੋਂ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਨੌਜਵਾਨ ਭਾਰਤ ਸਭਾ ਅਤੇ ਏਆਈਕੇਐਮਐਸ ਦੁਆਰਾ ਪ੍ਰਿਆਗਰਾਜ ਦੇ ਘੂਰਪੁਰ ਤੋਂ ਨੂਰਬਾਰੀ ਤੱਕ ਰੈਲੀ ਕੱਢੀ ਗਈ।


ਕਿਸਾਨ ਲੀਡਰਾਂ ਨੇ ਦੱਸਿਆ ਕਿ ਸ਼ਿਵਮੋਗਾ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਖਿਲਾਫ ਇੱਕ ਬੇਲੋੜੀ ਐਫਆਈਆਰ ਦਰਜ ਕੀਤੀ ਗਈ ਹੈ, ਜਿਸਦਾ ਅਸੀਂ ਵਿਰੋਧ ਕਰਦੇ ਹਾਂ ਅਤੇ ਸਖਤ ਨਿੰਦਾ ਕਰਦੇ ਹਾਂ। ਸੰਯੁਕਤ ਕਿਸਾਨ ਮੋਰਚਾ ਬਿਹਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਉੱਤੇ ਹੋਏ ਹਮਲੇ ਦੀ ਨਿਖੇਦੀ ਕੀਤੀ ਹੈ।