ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਕੌਮਾਂਤਰੀ ਔਰਤ ਦਿਹਾੜੇ ਮੌਕੇ ਹਜ਼ਾਰਾਂ ਕਿਸਾਨ ਔਰਤਾਂ ਨੇ ਕੀਤਾ ਇੱਕਜੁੱਟਤਾ ਦਾ ਪ੍ਰਦਰਸ਼ਨ
‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਵਿਆਪੀ ਸੱਦੇ ‘ਤੇ ਅੱਜ ਕੌਮਾਂਤਰੀ ਔਰਤ ਦਿਵਸ ਨੂੰ “ਔਰਤ ਕਿਸਾਨ ਦਿਵਸ” ਵਜੋਂ ਮਨਾਇਆ ਗਿਆ। ਹਜ਼ਾਰਾਂ ਕਿਸਾਨ-ਔਰਤਾਂ ਨੇ ਦਿੱਲੀ ਦੇ ਕਿਸਾਨ ਮੋਰਚਿਆਂ ‘ਤੇ ਪਹੁੰਚ ਕੇ ਕੇਂਦਰ-ਸਰਕਾਰ ਖਿਲਾਫ ਆਪਣਾ ਗੁੱਸਾ ਜ਼ਾਹਰ ਕੀਤਾ ਅਤੇ ਆਪਣੀ ਇੱਕਜੁੱਟਤਾ ਦਾ ਪ੍ਰਦਰਸ਼ਨ ਕੀਤਾ। ਟਰੈਕਟਰ, ਕਾਰਾਂ, ਜੀਪਾਂ, ਟੈਂਪੂ, ਬੱਸਾਂ ਅਤੇ ਰੇਲ ਗੱਡੀਆਂ ਰਾਹੀਂ ਕਿਸਾਨ ਝੰਡੇ ਲਹਿਰਾਉਂਦਿਆਂ ਕੇਂਦਰ ਸਰਕਾਰ ਦੇ ਤਿੰਨਾਂ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਦੇ ਆਲੇ ਦੁਆਲੇ ਧਰਨੇ ਵਿਚ ਪਹੁੰਚੀਆਂ। ਔਰਤ ਕਿਸਾਨ ਬੁਲਾਰਿਆਂ ਨੇ ਕਿਹਾ ਕਿ ਖੇਤੀ ਧੰਦੇ ਨੂੰ ਬਚਾਉਣ ਲਈ ਲੜੇ ਜਾ ਰਹੇ ਅੰਦੋਲਨ ‘ਚ ਉਹ ਬਰਾਬਰ ਦੀ ਜਿੰਮੇਵਾਰੀ ਨਿਭਾ ਰਹੀਆਂ ਹਨ ਅਤੇ ਕੇਂਦਰ- ਸਰਕਾਰ ਚਿਤਾਵਨੀ ਦਿੰਦੀਆਂ ਹਨ ਕਿ ਕਾਨੂੰਨ ਤੁਰੰਤ ਵਾਪਸ ਲਏ ਜਾਣ।
ਟੀਕਰੀ ਬਾਰਡਰ ‘ਤੇ ਵੱਡੀ ਗਿਣਤੀ’ ਚ ਮਹਿਲਾ ਕਿਸਾਨਾਂ ਨੇ ਤਾਕਤ ਦਾ ਪ੍ਰਦਰਸ਼ਨ ਕੀਤਾ। ਮੁੱਖ ਪੜਾਅ ‘ਤੇ ਬੋਲਦਿਆਂ ਔਰਤ ਕਿਸਾਨਾਂ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਮੌਤ ਦਾ ਵਾਰੰਟ ਐਲਾਨ ਦਿੱਤਾ। ਇਸ ਦੌਰਾਨ ਮਹਿਲਾ ਕਿਸਾਨਾਂ ਨੇ ਮੋਦੀ ਸਰਕਾਰ ਨੂੰ ਔਰਤ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਨਵੇਂ ਕਾਨੂੰਨ ਉਹਨਾਂ ਨੂੰ ਵੀ ਬਰਾਬਰ ਪ੍ਰਭਾਵਿਤ ਕਰਨਗੇ। ਪਕੌੜਾ ਚੌਂਕ ਵਿਖੇ ਔਰਤਾਂ ਦੀ ਇੱਕ ਵੱਡੀ ਕਾਨਫਰੰਸ ਹੋਈ, ਜਿਸ ਵਿੱਚ ਔਰਤ ਕਿਸਾਨਾਂ ਨਾਲ ਸਬੰਧਤ ਸਾਰੇ ਮੁੱਦਿਆਂ ਬਾਰੇ ਵਿਸਥਾਰਤ ਵਿਚਾਰ ਵਟਾਂਦਰੇ ਹੋਏ।
ਇਸ ਸਮੇਂ ਦੌਰਾਨ ਹਰਿਆਣਾ ਦੀਆਂ ਔਰਤਾਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਇਸੇ ਤਰ੍ਹਾਂ ਉਤਰਾਖੰਡ, ਉੱਤਰ ਪ੍ਰਦੇਸ਼ ਅਤੇ ਦਿੱਲੀ ਦੀਆਂ ਔਰਤਾਂ ਵੱਡੀ ਗਿਣਤੀ ਵਿਚ ਗਾਜੀਪੁਰ ਦੀ ਸਰਹੱਦ ‘ਤੇ ਪਹੁੰਚੀਆਂ ਅਤੇ ਔਰਤਾਂ ਦੇ ਮੁੱਦਿਆਂ’ ਤੇ ਚਰਚਾ ਕੀਤੀ।