‘ਦ ਖ਼ਾਲਸ ਬਿਊਰੋ:- ਸੰਤ ਰਾਮ ਉਦਾਸੀ (20 ਅਪ੍ਰੈਲ 1939-11 ਅਗਸਤ 1986) ਦਾ ਜਨਮ ਪਿੰਡ ਰਾਏਸਰ ਜਿਲ੍ਹਾ ਬਰਨਾਲਾ (ਪੰਜਾਬ) ਵਿਖੇ ਇੱਕ ਗਰੀਬ ਦਲਿਤ ਪਰਵਾਰ ਵਿੱਚ ਹੋਇਆ ਸੀ। ਉਨ੍ਹਾਂ ਦਾ ਨਾਂ ਮੁੱਖ ਜੁਝਾਰੂ ਕਵੀਆਂ ਵਿੱਚ ਆਉਂਦਾ ਹੈ। ਉਹ ਆਪਣੇ ਗੀਤ ਆਪ ਹੇਕ ਨਾਲ ਗਾਉਣ ਵਾਲੇ ਕ੍ਰਾਂਤੀਕਾਰੀ ਕਵੀ ਦੇ ਤੌਰ ‘ਤੇ ਜਾਣੇ ਜਾਂਦੇ ਹਨ। ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ: ਲਹੂ ਭਿੱਜੇ ਬੋਲ, ਚੌ-ਨੁਕਰੀਆਂ ਸੀਖਾਂ, ਸੈਨਤਾਂ ਅਤੇ ਕੰਮੀਆਂ ਦਾ ਵਿਹੜਾ। ਸੰਤ ਰਾਮ ਉਦਾਸੀ ਦੀ ਆਜ਼ਾਦੀ ਦਿਹਾੜੇ ਬਾਰੇ ਲਿਖੀ ਕਵਿਤਾ ‘ਆਜ਼ਾਦੀ ਦਾ ਦਿਨ’ ਅੱਗੇ ਲਿਖੀ ਗਈ ਹੈ:
ਮਨਾਇਆ ਤਾਂ ਐਤਕੀਂ ਵੀ ਜਾਏਗਾ ਆਜ਼ਾਦੀ ਦਾ ਦਿਨ
ਉਡਾਏ ਤਾਂ ਐਤਕੀਂ ਵੀ ਜਾਣਗੇ ਗੁਲਾਲ ਨਾਲ ਭਰੇ ਹੋਏ ਜਹਾਜ਼
ਪ੍ਰੇਡ ਕਰਕੇ ਸਿਪਾਹੀਆਂ ਦੀਆਂ ਅੱਡੀਆਂ ਦੀ ਧੂੜ ਨਾਲ
ਭਰ ਜਾਣਗੇ ਪ੍ਰੇਡ ਗਰਾਊਂਡ ਵਿਚ ਬੈਠੇ ਦਰਸ਼ਕਾਂ ਦੇ ਨੱਕ, ਕੰਨ ਤੇ ਅੱਖਾਂ
‘ਗਾਂਧੀ’ ਫੁਲ ਫੁਲ ਬੈਠੇਗਾ
ਆਪਣੇ ਨਵੇਂ ਸਜੇ ਹੋਏ ਬਾਂਦਰਾਂ ਦੀਆਂ ਸ਼ਕਲਾਂ ਵੇਖ ਕੇ
ਲਿਆਂਦੇ ਜਾਣਗੇ ਦੇਸ਼ ਦੇ ਹਰ ਕੋਨੇ ‘ਚੋਂ
ਫੜਕੇ ਮਿੱਟੀ ਦੇ ਬਾਵੇ
ਇੱਕ ਔਂਤਰੀ ਆਣਾਦੀ ਸਜਾਏਗੀ ਉਹਨਾਂ ਦੇ ਗਲ
ਐਮਰਜੈਂਸੀ ਦਾ ਲਹਿੰਗਾ ।
ਟੁਕੜੀਆਂ ਵਿਚ ਵੰਡੇ ਲੋਕ ਸਲਾਮੀ ਦੇਣਗੇ
ਲੁਟੇਰਿਆਂ ਦੀ ਨਵੀਂ ਸਜੀ ‘ਡਿਕਟੇਟਰਸ਼ਿਪ’ ਨੂੰ
ਮਿੱਟੀ ਦੇ ਬਾਵੇ ਬਹੁਤ ਟੱਪਣਗੇ
ਖੱਸੀ ਲਿਖਾਰੀਆਂ ਦੇ ਗੀਤਾਂ ਦੀ ਫ਼ੌਜੀ ਟਿਊਨ ‘ਤੇ
ਮਨਾਇਆ ਤਾਂ ਐਤਕੀਂ ਵੀ ਜਾਏਗਾ ਆਜ਼ਾਦੀ ਦਾ ਦਿਨ
ਐਤਕੀਂ ਤਾਂ ਹੋਰ ਵੀ ਗੂੜ੍ਹੀ ਹੋਏਗੀ ਆਜ਼ਾਦੀ ਦੇ ਦੇ ਦਿਨ ਦੀ ਰੰਗਤ
ਕਿਉਂਕਿ ਹੋਇਆ ਹੈ ਸਫ਼ਲ, ਗ਼ਰੀਬੀ ਹਟਾਉ ਦਾ ਨਾਹਰਾ
ਔਂਤਰੀ-ਆਜ਼ਾਦੀ ਸੁੰਗੜ-ਸੁੰਗੜ ਬੈਠੇਗੀ
ਅੰਤਰ-ਰਾਜੀ ਫੈਲੀ ਹੋਈ ਭੁੱਖ ਦੇ ਸ਼ਿਕਾਰ ਬੱਚਿਆਂ ਕੋਲੋਂ
ਮਨਾਇਆ ਤਾਂ ਐਤਕੀਂ ਵੀ ਜਾਏਗਾ ਆਜ਼ਾਦੀ ਦਾ ਦਿਨ ।
ਐਤਕੀਂ ਤਾਂ ਬਹੁਤ ਲੰਮੀ ਹੋ ਜਾਏਗੀ
ਰਾਸ਼ਟਰਪਤੀ ਅਵਾਰਡਾਂ ਦੀ ਲਿਸਟ
ਤੇ ਓਦੂੰ ਵੀ ਬਹੁਤ ਲੰਮੇ ਹੋ ਜਾਣਗੇ
ਵੱਢੀਆਂ ਲੈਣ ਲਈ ਅਫ਼ਸਰਾਂ ਦੇ ਹੱਥ
ਤੇ ਏਦੂੰ ਵੀ ਸੈਂਕੜੇ ਗੁਣਾਂ ਵਧ ਜਾਏਗੀ
ਜੇਲ੍ਹ ਸੁਪਰਡੈਂਟਾਂ ਨੂੰ ਸਿਆਸੀ ਕੈਦੀਆਂ ਦੇ ਸਾਂਭਣ ਦੀ ਸਿਰਦਰਦੀ
ਪਰ ਬਹੁਤ ਛੋਟੇ ਹੋ ਜਾਣਗੇ ਥਾਣਿਆਂ ਦੇ ਰੋਜ਼ਨਾਮਚੇ
ਕਿਉਂਕਿ ਪੁਲਿਸ ਨੂੰ ਬਹੁਤ ਕਾਹਲ ਹੋਏਗੀ
‘ਰੋਟੀ ਮੰਗਦੇ ਸਮਾਜ ਵਿਰੋਧੀ ਅਨਸਰ’ ਨਾਲ
ਨਹਿਰ ਦੇ ਪੁਲ ‘ਤੇ ਮੁਕਾਬਲਾ ਦਖਾਉਣ ਲਈ
ਮਨਾਇਆ ਤਾਂ ਐਤਕੀ ਵੀ ਜਾਏਗਾ ਆਜ਼ਾਦੀ ਦਾ ਦਿਨ।
ਲਾਏ ਜਾਣਗੇ ਵਿਧਾਨ ਦੀ ਰੱਖਿਆ ਦੇ ਨਾਹਰੇ
ਪਰ ਹਰ ਵੱਡੇ ਨੂੰ ਹੱਕ ਹੋਏਗਾ ਵਿਧਾਨ ਦੀ ਨਾੜ ਮਰੋੜਨ ਦਾ
ਕਿਉਂਕਿ ਇਹ ਕਿਹੜਾ ਗੁਰੁ ਗੋਬਿੰਦ ਸਿੰਘ ਜੀ ਦਾ ਸਿਧਾਂਤ ਹੈ
ਜਾਂ ਇੰਨਟੈਰੋਗੇਸ਼ਨ ਵਿੱਚ ਨਿਭਾਇਆ ਗਿਆ ‘ਕਾਮਰੇਡਾਂ ਦਾ ਸਿਦਕ’
ਵਿਧਾਨ ਦੇ ਕਿਸੇ ਵੀ ਅੰਗ ਦੀ ਭੰਨ ਤੋੜ
ਅੱਤ ਜ਼ਰੂਰੀ ਹੈ ਸਾਡੇ ‘ਅੱਵਲ ਨੰਬਰ ਦੇ ਲੋਕਰਾਜ’ ਦੀ
‘ਸਿਹਤ’ ਅਤੇ ‘ਸੇਧ’ ਲਈ।
ਮਨਾਇਆ ਤਾਂ ਐਤਕੀਂ ਵੀ ਜਾਏਗਾ ਆਜ਼ਾਦੀ ਦਾ ਦਿਨ।
(੧੪-੮-੭੫, ਹਵਾਲਾਤ ਥਾਣਾ, ਸਹਿਣਾ)