India

ਕਿਸਾਨੀ ਅੰਦੋਲਨ ‘ਚ ਸ਼ਾਮਿਲ ਸੰਤ ਬਾਬਾ ਰਾਮ ਸਿੰਘ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

‘ਦ ਖ਼ਾਲਸ ਬਿਊਰੋ :- ਦਿੱਲੀ ਵਿਖੇ ਕੇਂਦਰ ਸਰਕਾਰ ਦੇ ਪਾਸ ਕੀਤੇ ਤਿੰਨ ਖੇਤੀ ਬਿੱਲਾਂ ਲਈ ਕਿਸਾਨਾਂ ਨਾਲ ਧਰਨੇ ਦਾ ਹਿੱਸਾ ਬਣੇ ਰਹੇ ਹਰਿਆਣਾ ਦੇ ਇੱਕ ਕਿਸਾਨ ਵੱਲੋਂ ਅੱਜ 16 ਦਸੰਬਰ ਨੂੰ ਆਪਣੀ ਕਾਰ ਵਿੱਚ ਜਾ ਕੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।

ਦੱਸਣਯੋਗ ਹੈ ਕਿ ਖੁਦਕੁਸ਼ੀ ਕਰਨ ਵਾਲੇ ਵਿਅਕਤੀ ਦੀ ਪਛਾਣ ਬਾਬਾ ਰਾਮ ਸਿੰਘ ਵਾਸੀ ਸਿੰਘੜੀ ਪਿੰਡ, ਜ਼ਿਲ੍ਹਾ ਕਰਨਾਲ ਵਜੋਂ ਹੋਈ ਹੈ। ਸੂਤਰਾਂ ਦੀ ਜਾਣਕਾਰੀ ਮੁਤਾਬਕ ਰਾਮ ਸਿੰਘ ਨੇ ਆਪਣੇ ਜੀਵਨ ਲੀਲਾ ਨੂੰ ਸਮਾਪਤ ਕਰਨ ਤੋਂ ਪਹਿਲਾਂ ਸੁਸਾਇਡ ਨੋਟ ਵੀ ਲਿਖਿਆ, ਜੋ ਬਰਾਮਦ ਕਰ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਬਾਬਾ ਰਾਮ ਸਿੰਘ ਕਿਸਾਨ ਹੋਣ ਦੇ ਨਾਲ-ਨਾਲ ਇੱਕ ਧਾਰਮਿਕ ਸ਼ਖਸੀਅਤ ਵੀ ਸਨ। ਉਹ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਹੀ ਰਹਿੰਦੇ ਸਨ ਅਤੇ ਉਨ੍ਹਾਂ ਦੀ ਦੇਸ਼ ਵਿਦੇਸ਼ ਵਿੱਚ ਚੰਗੀ ਮਾਨਤਾ ਸੀ। ਇੱਥੋਂ ਤੱਕ ਕਿ ਦੇਸ਼ ਵਿਦੇਸ਼ ਤੋਂ ਲੋਕ ਉਨ੍ਹਾਂ ਦੇ ਦਰਸ਼ਨਾਂ ਨੂੰ ਆਉਂਦੇ ਸਨ।

ਕੇਂਦਰ ਵੱਲੋਂ ਕਿਸਾਨਾਂ ਖਿਲਾਫ ਬਣਾਏ ਗਏ ਖੇਤੀ ਕਾਨੂੰਨਾਂ ਅਤੇ ਕਿਸਾਨਾਂ ਨਾਲ ਸਰਕਾਰ ਦੇ ਵਤੀਰੇ ਤੋਂ ਉਹ ਕਾਫੀ ਪਰੇਸ਼ਾਨ ਸਨ। ਜਿਸ ਕਾਰਨ ਅੱਜ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਉਹ ਆਪਣੀ ਕਾਰ ਵਿੱਚ ਗਏ ਜਿੱਥੇ ਉਨ੍ਹਾਂ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ, ਅਤੇ ਉਨ੍ਹਾਂ ਨੂੰ ਸੋਨੀਪਤ ਸਥਿਤ ਪਾਰਸ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਪਹੁੰਚਦਿਆਂ ਹੀ ਮ੍ਰਿਤਕ ਐਲਾਨਿਆ ਗਿਆ। ਪੁਲਿਸ ਨੇ ਇਸ ਸੰਬੰਧ ਵਿੱਚ ਕੇਸ ਦਰਜ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਤੋਂ ਪਹਿਲਾਂ ਕਿਸਾਨ ਸੰਘਰਸ਼ ਵਿੱਚ ਹੁਣ ਤੱਕ 20 ਤੋਂ ਜ਼ਿਆਦਾ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਕੁੱਝ ਤਾਂ ਠੰਢ ਅਤੇ ਕੁਦਰਤੀ ਤੌਰ ‘ਤੇ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਦਮ ਤੋੜ ਗਏ ਜਦਕਿ ਕੁੱਝ ਹੋਰਨਾਂ ਦੇ ਮੌਤਾਂ ਸੜਕ ਹਾਦਸਿਆਂ ਵਿੱਚ ਹੋਈ ਹੈ।