India Punjab

ਸੰਗਰੂਰ ਲੋਕਸਭਾ ਸੀਟ ‘ਤੇ 2 ਸਾਂਡੂਆਂ ‘ਚ ਮੁਕਾਬਲਾ ! ਦੋਵੇ ਦਿੱਗਜ ਸਿਆਸੀ ਪਾਰਟੀ ਦੇ ਵੱਡੇ ਨੌਜਵਾਨ ਚਿਹਰੇ ! ਇੱਕ ਮੰਤਰੀ ਦੂਜਾ ਸਾਬਕਾ

ਬਿਉਰੋ ਰਿਪੋਰਟ : ਸੰਗਰੂਰ ਲੋਕਸਭਾ ਸੀਟ ‘ਤੇ ਇਸ ਵਾਰ ਦਿਲਚਸਪ ਸਾਂਡੂਆਂ ਦਾ ਮੁਕਾਬਲਾ ਵੇਖਣ ਨੂੰ ਮਿਲ ਸਕਦਾ ਹੈ । ਖਾਸ ਗੱਲ ਇਹ ਹੈ ਕਿ ਦੋਵੇ ਹੀ ਦਿੱਗਜ ਪਾਰਟੀਆਂ ਦੇ ਨਾਲ ਸਬੰਧ ਰੱਖਦੇ ਹਨ ਅਤੇ ਦੋਵਾਂ ਦੀ ਸੀਟ ਵੀ ਤਕਰੀਬਨ ਤੈਅ ਮੰਨੀ ਜਾ ਰਹੀ ਹੈ ਸਿਰਫ਼ ਐਲਾਨ ਹੋਣਾ ਬਾਕੀ ਹੈ । ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਸਿਆਸੀ ਲੜਾਈ ਪੰਜਾਬ ਦੀਆਂ 13 ਲੋਕਸਭਾ ਸੀਟਾਂ ਵਿੱਚ ਸਭ ਤੋਂ ਦਿਲਚਸਪ ਜੰਗ ਹੋਵੇਗੀ । ਵੈਸੇ ਵੀ ਮੁੱਖ ਮੰਤਰੀ ਭਗਵੰਤ ਮਾਨ ਦਾ ਹਲਕਾ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਦੇ ਲਈ ਸੰਗਰੂਰ ਸੀਟ ਵਕਾਰ ਦਾ ਸਵਾਲ ਹੈ । ਜ਼ਿਮਨੀ ਚੋਣਾਂ ਵਿੱਚ ਹਾਰ ਦਾ ਬਦਲਾ ਭਗਵੰਤ ਮਾਨ ਜਿੱਤ ਨਾਲ ਪੂਰਾ ਕਰਨਾ ਚਾਹੁਣਗੇ ।

ਸੰਗਰੂਰ ਸੀਟ ਤੋਂ ਜਿਹੜੇ 2 ਸਾਂਡੂਆਂ ਦੇ ਆਹਮੋ ਸਾਹਮਣੇ ਲੜਨ ਦੀ ਚਰਚਾ ਹੈ ਉਹ ਹਨ ਆਪ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਅਕਾਲੀ ਦਲ ਵੱਲੋਂ ਪਰਮਿੰਦਰ ਸਿੰਘ ਢੀਂਡਸਾ । ਮੀਤ ਹੇਅਰ ਦੀ ਪਤਨੀ ਡਾਕਟਰ ਗੁਰਵੀਨ ਕੌਰ ਅਤੇ ਪਰਮਿੰਦਰ ਸਿੰਘ ਢੀਂਡਸਾ ਦੀ ਪਤਨੀ ਦੋਵੇ ਕਜ਼ਨ ਭੈਣਾ ਹਨ । ਇਸ ਲਿਹਾਜ਼ ਨਾਲ ਦੋਵੇ ਰਿਸ਼ਤੇ ਵਿੱਚ ਸਾਂਡੂ ਲੱਗੇ । ਮੀਤ ਹੇਅਰ ਦੇ ਨਾਂ ‘ਤੇ ਆਮ ਆਦਮੀ ਪਾਰਟੀ ਵਿੱਚ ਸਹਿਮਤੀ ਬਣ ਚੁੱਕੀ ਹੈ । ਮੀਤ ਹੇਅਰ ਨੇ ਆਪ ਵੀ ਇਸ ਵੱਲ ਇਸ਼ਾਰਾ ਕਰ ਦਿੱਤਾ ਹੈ । ਬੀਤੇ ਦਿਨ ਸੰਯੁਕਤ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦਾ ਰਲੇਵਾਂ ਹੋਇਆ ਸੀ ਜਿਸ ਤੋਂ ਬਾਅਦ ਸਾਫ ਹੈ ਪਰਮਿੰਦਰ ਸਿੰਘ ਢੀਂਡਸਾ ਹੀ ਸੰਗਰੂਰ ਸੀਟ ਤੋਂ ਪਾਰਟੀ ਦੇ ਉਮੀਦਵਾਰ ਹੋਣ। 2019 ਵਿੱਚ ਵੀ ਉਹ ਨੇ ਹੀ ਇੱਥੋ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜੀ ਸੀ। ਸੰਗਰੂਰ ਢੀਂਡਸਾ ਪਰਿਵਾਰ ਦਾ ਗੜ੍ਹ ਹੈ । ਅਕਾਲੀ ਦਲ ਕੋਲ ਪਰਮਿੰਦਰ ਤੋਂ ਇਲਾਵਾ ਕੋਈ ਹੋਰ ਵੱਡਾ ਸੰਗਰੂਰ ਵਿੱਚ ਚਹਿਰਾ ਵੀ ਨਹੀਂ ਹੈ । ਜੇਕਰ ਬੀਜੇਪੀ ਨਾਲ ਸਮਝੌਤਾ ਹੁੰਦਾ ਹੈ ਤਾਂ ਵੀ ਇਹ ਸੀਟ ਅਕਾਲੀ ਦਲ ਦੇ ਖਾਤੇ ਵਿੱਚ ਜਾਵੇਗਾ । ਢੀਂਡਸਾ ਪਰਿਵਾਰ ਦੇ ਬੀਜੇਪੀ ਨਾਲ ਨਿੱਜੀ ਸਬੰਧ ਵਿੱਚ ਚੰਗੇ ਹਨ ।