Punjab

FIR ਤੋਂ ਬਾਅਦ ਸੰਗਰੂਰ ‘ਚ 4 ਮੰਗਾਂ ਨਾਲ ਕਿਸਾਨਾਂ ਨੇ ਪੱਕਾ ਮੋਰਚਾ ਲਗਾਇਆ !

ਬਿਉਰੋ ਰਿਪੋਰਟ : ਸੰਗਰੂਰ ਵਿੱਚ ਪੁਲਿਸ ਅਤੇ ਕਿਸਾਨਾਂ ਵਿੱਚ ਹੋਈ ਝੜਪ ਤੋਂ ਬਾਅਦ ਜਿਸ ਤਰ੍ਹਾਂ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਖਿਲਾਫ ਪੁਲਿਸ ਨੇ ਸਖਤ ਕਾਰਵਾਈ ਕਰਦੇ ਹੋਏ FIR ਦਰਜ ਕੀਤੀ ਹੈ ਉਸ ਤੋਂ ਬਾਅਦ 32 ਕਿਸਾਨ ਜਥੇਬੰਦੀਆਂ ਨੇ ਸਖਤ ਸਟੈਂਡ ਲੈ ਲਿਆ ਹੈ । ਜਥੇਬੰਦੀਆਂ ਦੀ ਮੀਟਿੰਗ ਵਿੱਚ ਤੈਅ ਕੀਤਾ ਗਿਆ ਹੈ ਕਿ ਉਹ ਲੋਂਗੋਵਾਲ ਵਿੱਚ ਪੱਕਾ ਧਰਨਾ ਲਾ ਲੈਣਗੇ । ਮੀਟਿੰਗ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਮੰਗ ਕੀਤਾ ਹੈ ਸੋਮਵਾਰ ਨੂੰ ਹੋਈ ਝੜਪ ਦੌਰਾਨ ਜਿਹੜੇ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਹੋਈ ਹੈ ਉਸ ਦੇ ਪਰਿਵਾਰ ਨੂੰ ਮੁਆਵਜ਼ਾ ਮਿਲੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ।

ਕਿਸਾਨਾਂ ਦੀ ਦੂਜੀ ਮੰਗ ਹੈ ਕਿ ਕਿਸਾਨਾਂ ਨਾਲ ਝੜਪ ਦੌਰਾਨ ਜਿੰਨਾਂ ਪੁਲਿਸ ਅਧਿਕਾਰੀਆਂ ਨੇ ਲਾਠੀ ਚਾਰਜ ਕੀਤਾ ਹੈ ਉਨ੍ਹਾਂ ਖਿਲਾਫ ਸਖਤ ਕਾਰਵਾਈ ਦੀ ਕੀਤੀ ਜਾਵੇ। ਇਸ ਤੋਂ ਇਲਾਵਾ ਸੰਗਰੂਰ ਪੁਲਿਸ ਵੱਲੋਂ ਜਿਹੜੇ 53 ਲੋਕ ਜਿੰਨਾਂ ਵਿੱਚ 18 ਕਿਸਾਨ ਅਤੇ 35 ਅਣਪਛਾਤੇ ਲੋਕਾਂ ਖਿਲਾਫ FIR ਕੀਤੀ ਗਈ ਹੈ ਉਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ। ਕਿਸਾਨਾਂ ਦੀ ਚੌਥੀ ਮੰਗ ਹੈ ਕਿ ਜਿਹੜੇ ਕਿਸਾਨਾਂ ਨੂੰ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਉਨ੍ਹਾਂ ਦੀ ਰਿਹਾਈ ਕੀਤੀ ਜਾਵੇ। 4 ਹਜ਼ਾਰ ਕਿਸਾਨਾਂ ਨੇ ਇਕੱਠ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਹੈ ਕਿ 2 ਸਤੰਬਰ ਨੂੰ ਚੰਡੀਗੜ੍ਹ ਵਿੱਚ ਹੋਣ ਵਾਲੀ SKM ਦੀ ਮੀਟਿੰਗ ਵਿੱਚ ਇਸ ਗੱਲ ‘ਤੇ ਵਿਚਾਰ ਕੀਤਾ ਜਾਵੇਗਾ ਕਿ ਅਜਿਹੇ ਹਾਲਾਤ ਕਿਉਂ ਬਣੇ । ਉਧਰ ਝੜਪ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵਾਂ ਦਾ ਬਿਆਨ ਸਾਹਮਣੇ ਆਇਆ ਹੈ ।

ਆਪ ਦੀ ਕਿਸਾਨਾਂ ਨੂੰ ਅਪੀਲ

ਪੰਜਾਬ ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਸਤੇ ਜਾਮ ਨਾ ਕਰਨ ਇਸ ਨਾਲ ਆਮ ਲੋਕਾਂ ਨੂੰ ਤਕਲੀਫ ਹੁੰਦੀ ਹੈ,ਕੋਈ ਬਿਮਾਰ ਹੈ,ਉਸ ਨੂੰ ਸਮੇਂ ਸਿਰ ਹਸਪਤਾਲ ਨਹੀਂ ਪਹੁੰਚਾਇਆ ਜਾ ਸਕਦਾ ਹੈ । ਉਨ੍ਹਾਂ ਕਿਹਾ ਮਾਨ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ । ਡੇਢ ਸਾਲ ਵਿੱਚ ਕਿਸਾਨਾਂ ਨੂੰ ਰੁਕੀ ਹੋਈ ਫਸਲ ਦਾ ਭੁਗਤਾਨ ਕੀਤਾ ਗਿਆ ਹੈ । ਕੰਗ ਨੇ ਕਿਸਾਨਾਂ ਨੂੰ ਕਿਹਾ ਤੁਹਾਡੀਆਂ ਮੰਗਾਂ ਕੇਂਦਰ ਦੇ ਖਿਲਾਫ ਹਨ ਇਸ ਲਈ ਦਿੱਲੀ ਜਾਕੇ ਧਰਨਾ ਦਿੱਤਾ ਜਾਣਾ ਚਾਹੀਦਾ ਹੈ ।

ਮੁੱਖ ਮੰਤਰੀ ਮਾਨ ਵਿੱਚ ਹਿਟਲਰ ਦੀ ਆਤਮਾ

ਪੰਜਾਬ ਕਾਂਗਰਸ ਨੇ ਆਪ ਦੀ ਮਾਨ ਸਰਕਾਰ ਨੂੰ ਕਿਸਾਨਾਂ ਨੂੰ ਵਿਰੋਧੀ ਦੱਸਿਆ । ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਵਿੱਚ ਹਿਟਲਰ ਦੀ ਆਤਮਾ ਦਾਖਲ ਹੋ ਚੁੱਕੀ ਹੈ । ਉਨ੍ਹਾਂ ਨੇ ਲੋਂਗੋਵਾਲ ਵਿੱਚ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਦਾ ਜ਼ਿੰਮੇਵਾਰ ਵੀ ਸੀਐੱਮ ਮਾਨ ਨੂੰ ਦੱਸਿਆ ਹੈ । ਬਾਜਵਾ ਨੇ ਕਿਹਾ ਕਿਸਾਨਾਂ ‘ਤੇ ਲਾਠੀਚਾਰਜ ਕਰਨ ਵਾਲੇ ਪੁਲਿਸ ਅਧਿਕਾਰੀਆਂ ‘ਤੇ ਫੌਰਨ ਕਾਰਵਾਈ ਹੋਣੀ ਚਾਹੀਦੀ ਹੈ । ਉਨ੍ਹਾਂ ਕਿਹਾ ਪੰਜਾਬ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਨੂੰ ਆਪ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ । ਬਾਜਵਾ ਨੇ ਮੰਗ ਕੀਤੀ ਕਿ ਹਾਈਕੋਰਟ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ਼ ਕਤਲ ਦੀ ਧਾਰਾ ਦੇ ਤਹਿਤ ਕੇਸ ਦਰਜ ਹੋਣਾ ਚਾਹੀਦਾ ਹੈ । ਨਾਲ ਹੀ ਪੁਲਿਸ ਅਧਿਕਾਰੀਆਂ ਨੂੰ ਮੁਲਜ਼ਮ ਬਣਾ ਕੇ ਉਨ੍ਹਾਂ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ ।