Punjab

ਸੰਗਰੂਰ ਦੇ ਨਤੀਜਿਆਂ ਨੇ ਦਿੱਤੇ ਪੰਜਾਬ ਦੀ ਸਿਆਸਤ ਨੂੰ 4 ਸੁਨੇਹੇ, ਇਸ ਤਰ੍ਹਾਂ 360 ਡਿਗਰੀ ਬਦਲ ਜਾਵੇਗੀ ਸਿਆਸਤ 

‘ਦ ਖ਼ਾਲਸ ਬਿਊਰੋ :- ਸੰਗਰੂਰ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨੇ ਸੂਬੇ ਦੀਆਂ 5 ਵੱਡੀਆਂ ਪਾਰਟੀਆਂ ਨੂੰ ਵੱਡਾ ਸਨੇਹਾ ਦਿੱਤਾ ਹੈ, ਜੋ ਸੂਬੇ ਦੀ ਸਿਆਸੀ ਫਿਜ਼ਾ ਨੂੰ ਅਗਲੇ 5 ਸਾਲਾਂ ਦੇ ਲਈ 360 ਡਿਗਰੀ ਤੱਕ ਬਦਲ ਕੇ ਰੱਖ ਦੇਵੇਗਾ। ਸਭ ਤੋਂ ਵੱਡਾ ਸੁਨੇਹਾ ਸੱਤਾ ਦਾ ਸੁੱਖ ਮਾਣ ਰਹੀ ਆਮ ਆਦਮੀ ਪਾਰਟੀ ਲਈ ਹੈ। ਦੂਜਾ ਵੱਡਾ ਸੁਨੇਹਾ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਹੈ, ਜੋ ਆਪਣੇ ਆਪ ਨੂੰ ਪੰਥਕ ਵੋਟਾਂ ਦਾ ਸਭ ਤੋਂ ਵੱਡਾ ਹੱਕਦਾਰ ਦੱਸਦੇ ਸਨ। ਇਸ ਤੋਂ ਇਲਾਵਾ ਸੰਗਰੂਰ ਚੋਣਾਂ ਦੇ ਨਤੀਜਿਆਂ ਨੇ ਕਾਂਗਰਸ ਦੀ ਅੱਖ ਵੀ ਖੋਲ੍ਹ ਕੇ ਰੱਖ ਦਿੱਤੀ ਹੈ। ਸੰਗਰੂਰ ਨੇ ਬੀਜੇਪੀ ਨੂੰ ਹਰਾ ਕੇ ਵੀ ਵੱਡੀ ਜਿੱਤ ਦਿਵਾ ਦਿੱਤੀ ਹੈ।

ਆਪ ‘ਤੇ ਜ਼ਿਮਨੀ ਚੋਣ ਦੇ ਨਤੀਜਿਆਂ ਦਾ ਅਸਰ

3 ਮਹੀਨੇ ਦੀ ਭਗਵੰਤ ਮਾਨ ਸਰਕਾਰ ਦਾ ਸਭ ਤੋਂ ਪਹਿਲਾਂ ਸਿਆਸੀ ਟੈਸਟ ਉਨ੍ਹਾਂ ਦੇ ਆਪਣੇ ਗੜ੍ਹ ਸੰਗਰੂਰ ਵਿੱਚ ਹੀ ਸੀ। ਮਾਨ 2 ਵਾਰ ਹੂੰਝਾਫੇਰ ਜਿੱਤ ਨਾਲ MP ਬਣੇ ਪਰ CM ਬਣਨ ਤੋਂ ਬਾਅਦ ਸੀਟ ਖਾਲ੍ਹੀ ਹੋਈ ਤਾਂ ਭਗਵੰਤ ਮਾਨ ਆਪਣਾ ਗੜ੍ਹ ਵੀ ਨਹੀਂ ਬਚਾ ਸਕੇ। 3 ਮਹੀਨੇ ਪਹਿਲਾਂ ਸੰਗਰੂਰ ਲੋਕਸਭਾ ਹਲਕੇ ਅਧੀਨ ਆਉਣ ਵਾਲੇ 9 ਹਲਕਿਆਂ ਵਿੱਚ ਹੀ ਆਪ ਨੂੰ ਤਕਰਬੀਨ 3 ਲੱਖ ਵੋਟਾਂ ਨਾਲ ਜਿੱਤ ਹਾਸਲ ਹੋਈ ਸੀ ਪਰ ਹੁਣ ਹਾਰ ਨੇ ਕਈ ਸਵਾਲ  ਖੜੇ ਕਰ ਦਿੱਤੇ ਹਨ ਕਿ ਕੀ ਇਹ ਹਾਰ ਮਾਨ ਸਰਕਾਰ ਦੇ ਖਿਲਾਫ਼ 3 ਮਹੀਨੇ ਦੇ ਕੰਮ ਤੋਂ ਲੋਕਾਂ ਦੀ ਨਾਖੁਸ਼ੀ ਹੈ ? ਕੀ ਦਿੱਲੀ ਤੋਂ ਸਰਕਾਰ  ਚਲਾਉਣ ਦਾ ਵਿਰੋਧੀਆਂ ਦੇ ਇਲਜ਼ਾਮ ਨੇ  ਵੋਟਰਾਂ ਦਾ ਮਨ ਬਦਲ ਦਿੱਤਾ ? ਕੀ ਸੁਰੱਖਿਆ ਘੱਟ ਕਰਨ ਦੀ ਵਜ੍ਹਾ ਕਰਕੇ ਸਿੱਧੂ ਮੂਸੇਵਾਲਾ ਦੀ ਮੌਤ ਅਤੇ ਸੂਬੇ ਦੀ ਵਿਗੜ ਰਹੀ ਕਾਨੂੰਨੀ ਹਾਲਤ ਨੇ ਲੋਕਾਂ ਦਾ ਸਰਕਾਰ ਤੋਂ ਮੋਹ ਭੰਗ ਕੀਤਾ ? ਇਹ ਉਹ ਸਵਾਲ ਹਨ, ਜਿਨ੍ਹਾਂ ਨੇ ਆਪ ਦੀ ਹਾਰ ਦੀ ਕਹਾਣੀ ਲਿਖੀ। ਹੁਣ ਇਸ ਦਾ ਨੀਤੀਜਾ ਕੀ ਹੋਵੇਗਾ, ਕੀ ਹੁਣ ਦਿੱਲੀ ਆਪ ਅਤੇ ਪੰਜਾਬ ਆਪ ਵਿੱਚ ਹਾਰ ਤੋਂ ਬਾਅਦ ਮਤਭੇਦ ਸਾਹਮਣੇ ਆਉਣਗੇ ਅਤੇ ਕੀ ਇਸ ਦਾ ਅਸਰ ਪੰਜਾਬ ਆਪ ਦੀ ਬਗਾਵਤ ਦੇ ਰੂਪ ਵਿੱਚ ਵੇਖਿਆ ਜਾ ਸਕਦਾ ਹੈ, ਕੀ ਸੰਗਰੂਰ ਲੋਕਸਭਾ ਹਲਕੇ ਅਧੀਨ  ਜਿਨ੍ਹਾਂ ਕੈਬਨਿਟ ਮੰਤਰੀਆਂ ਹਰਪਾਲ ਚੀਮਾ ਅਤੇ ਮੀਤ ਹੇਅਰ ਦੇ ਹਲਕੇ  ਆਉਂਦੇ ਹਨ, ਉਨ੍ਹਾਂ ਦੀ ਅਹੁਦੇ ਤੋਂ ਛੁੱਟੀ ਹੋ ਸਕਦੀ ਹੈ? ਇਸ  ਤੋਂ ਇਲਾਵਾ ਅਮਨ ਅਰੋੜਾ ਜੋ ਕੈਬਨਿਟ ਵਿੱਚ  ਆਉਣ ਦਾ ਸੁਪਨਾ ਵੇਖ ਰਹੇ ਸਨ, ਉਨ੍ਹਾਂ ਲਈ ਹੁਣ ਸਰਕਾਰ  ਵਿੱਚ ਆਉਣਾ ਅਸਾਨ  ਹੋਵੇਗਾ ? ਸਭ ਤੋਂ ਵੱਡਾ ਸਵਾਲ ਕੀ ਹੁਣ ਆਪ  ਆਪਣੀ ਰਣਨੀਤੀ  ਵਿੱਚ  ਵੱਡਾ ਬਦਲਾਅ ਕਰੇਗੀ ? ਇਹ ਬਦਲਾਅ  ਕੀ ਹੋਵੇਗਾ ?  

ਅਕਾਲੀ ਦਲ ਦੀ ਪੰਥਕ ਵੋਟ ਦਾ ਭਵਿੱਖ

2022 ਦੀਆਂ ਵਿਧਾਨਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅਕਾਲੀ ਦਲ ਸਾਹਮਣੇ ਸੰਗਰੂਰ ਚੋਣਾਂ ਦੇ ਜ਼ਰੀਏ ਪੰਥਕ ਵੋਟ ਬੈਂਕ ਨੂੰ ਬਚਾਉਣਾ ਸੀ। ਸਿਮਰਜੀਤ ਸਿੰਘ ਮਾਨ ਨੇ ਸੁਖਬੀਰ ਬਾਦਲ ਦੀ ਇਸ ਕੋਸ਼ਿਸ਼ ਨੂੰ ਢਾਅ ਲਾ ਦਿੱਤੀ ਹੈ। ਸੰਗਰੂਰ ਪੰਥਕ ਹਲਕੇ ਦੀ ਤਰਜ਼ਮਾਨੀ ਕਰਦਾ ਹੈ। ਸਿਮਰਨਜੀਤ ਸਿੰਘ ਮਾਨ ਦੀ  ਜਿੱਤ  ਇਸ ਦੀ ਗਵਾਹੀ ਭਰ ਰਹੀ ਹੈ। ਪੰਥਕ ਵੋਟਾਂ ਲੈਣ ਲਈ ਸੁਖਬੀਰ ਬਾਦਲ ਦਾ ਰਾਜੋਆਣਾ ਦੀ ਭੈਣ ਨੂੰ ਖੜਾ ਕਰਨ ਦਾ ਦਾਅ ਫਲਾਪ ਸਾਬਿਤ ਹੋਇਆ ਹੈ। ਪੰਥਕ ਵੋਟਰਾਂ ਨੇ 100 ਫੀਸਦ ਸਿਮਰਨਜੀਤ ਸਿੰਘ ਮਾਨ  ਦਾ ਸਾਥ  ਦਿੱਤਾ ਹੈ। ਬੀਜੇਪੀ ਨਾਲ ਨਾਤਾ ਤੋੜਨ ਤੋਂ ਬਾਅਦ ਅਕਾਲੀ ਦਲ ਕੋਲ ਪੰਥਕ ਵੋਟਾਂ ਦਾ ਸਹਾਰਾ ਸੀ ਪਰ ਉਹ ਤਾਂ ਨਹੀਂ ਮਿਲੇ। ਨਾਲ ਹੀ ਸੂਬੇ ਦੇ ਹੋਰ ਭਾਈਚਾਰਿਆਂ ਨੇ ਵੀ 5ਵੇਂ ਨੰਬਰ ‘ਤੇ ਅਕਾਲੀ ਦਲ ਨੂੰ ਰੱਖ ਕੇ ਸਾਫ ਕਰ ਦਿੱਤਾ ਕਿ ਪਾਰਟੀ ਨੂੰ ਨਵੇਂ ਸਿਰੇ ਤੋਂ ਰਣਨੀਤੀ ਬਣਾਉਣੀ ਪਵੇਗੀ, ਪਰ ਇੱਥੇ ਵੱਡਾ ਸਵਾਲ ਇਹ ਹੈ ਕਿ SGPC ਅਤੇ ਭਵਿੱਖ ਦੀ ਪੰਥਕ ਸਿਆਸਤ ‘ਤੇ ਇਸ ਦਾ ਕੀ ਅਸਰ ਪਵੇਗਾ ? ਕੀ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਸਿਰਫ਼ ਸੰਗਰੂਰ ਤੱਕ ਸਿਮਟ ਕੇ ਰਹਿ ਜਾਵੇਗੀ ਜਾਂ ਫਿਰ ਇਸ ਦਾ ਅਸਰ ਪੂਰੇ ਪੰਜਾਬ ਵਿੱਚ ਵੇਖਣ ਨੂੰ ਮਿਲੇਗਾ ?   

ਵੜਿੰਗ ਤੇ ਪ੍ਰਤਾਪ ਬਾਜਵਾ ਦਾ ਟੈਸਟ

ਸੰਗਰੂਰ, ਕਾਂਗਰਸ ਦੀ ਮੌਜੂਦਾ ਲੀਡਰਸ਼ਿਪ ਲਈ ਵੱਡਾ ਟੈਸਟ ਹੈ ਪਰ ਉਹ ਫੇਲ੍ਹ ਸਾਬਿਤ ਹੋਏ ਹਨ। ਕਾਂਗਰਸ ਦਾ ਉਮੀਦਵਾਰ ਦਲਵੀਰ ਗੋਲਡੀ ਤੀਜੇ  ਨੰਬਰ ‘ਤੇ ਰਹੇ। ਸੂਬਾ ਪ੍ਰਧਾਨ ਅਤੇ ਆਗੂ ਵਿਰੋਧੀ ਧਿਰ  ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਵੀ ਦੋਵੇਂ ਫੇਲ੍ਹ ਸਾਬਿਤ ਹੋਏ। ਵੜਿੰਗ ਸਾਹਮਣੇ ਨਵਜੋਤ ਸਿੰਘ ਸਿੱਧੂ ਦੀ ਗੈਰ-ਹਾਜ਼ਰੀ ਵਿੱਚ ਆਪਣਾ ਦਮਖਮ ਵਿਖਾਉਣ  ਦਾ ਮੌਕਾ ਸੀ ਪਰ ਉਹ ਅਸਫਲ ਰਹੇ। ਹੁਣ ਕੌਮੀ ਕਾਂਗਰਸ ਸੰਗਰੂਰ ਦੇ ਨਤੀਜਿਆਂ ਤੋਂ ਬਾਅਦ ਪਾਰਟੀ ਵਿੱਚ ਕਿਹੜੇ ਬਦਲਾਅ ਕਰੇਗੀ, ਇਹ ਵੇਖਣ ਵਾਲੀ ਗੱਲ ਹੋਵੇਗੀ। ਪਰ ਜੇਕਰ ਪਾਰਟੀ ਦੇ ਹੋਰ ਆਗੂ ਬੀਜੇਪੀ ਵਿੱਚ  ਗਏ ਤਾਂ ਵੜਿੰਗ  ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਨਵਜੋਤ ਸਿੰਘ ਸਿੱਧੂ ਭਾਵੇਂ ਜੇਲ੍ਹ ਵਿੱਚ ਹਨ ਪਰ ਇਸ ਦੇ ਬਾਵਜੂਦ ਵੜਿੰਗ ਨੂੰ ਸਿੱਧੂ ਤੋਂ ਵੱਡਾ ਸਿਆਸੀ ਖ਼ਤਰਾ ਹੈ।  ਕਾਂਗਰਸ ਹਾਈਕਮਾਨ ਨੂੰ ਵੀ ਪਤਾ ਹੈ ਕਿ ਸਿੱਧੂ ਹੁਣ ਵੀ ਪਾਰਟੀ ਦਾ ਵੱਡਾ ਚਿਹਰਾ ਹਨ ਅਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਪਾਰਟੀ ਇੱਕ ਵਾਰ ਮੁੜ ਤੋਂ ਉਨ੍ਹਾਂ ਤੇ ਇੱਕ ਹੋਰ ਦਾਅ ਖੇਡ ਸਕਦੀ ਹੈ। ਰਾਜਾ ਵੜਿੰਗ ਇਸ ਗੱਲ ਤੋਂ ਜਾਣੂ ਹਨ, ਇਸੇ ਲਈ ਉਹ ਵਾਰ-ਵਾਰ 5 ਸਾਲ ਦੇ ਪ੍ਰਧਾਨਗੀ ਅਹੁਦੇ  ਦਾ ਕਾਰਜਕਾਲ ਮੰਗ ਰਹੇ ਹਨ। ਸੰਗਰੂਰ ਜ਼ਿਮਨੀ ਦੇ ਨਤੀਜਿਆਂ ਨੇ ਕਿਧਰੇ ਨਾ ਕਿਧਰੇ ਰਾਜਾ ਵੜਿੰਗ ਦੀ ਇਸ ਮੰਗ ਨੂੰ ਢਾਅ ਲਾਈ ਹੈ।

ਬੀਜੇਪੀ ਦਾ ਜੋੜ-ਤੋੜ ਵਾਲਾ ਟੈਸਟ

ਸੰਗਰੂਰ ਜ਼ਿਮਨੀ ਲੋਕਸਭਾ ਚੋਣ ਵਿੱਚ ਨਵੇਂ ਗਠਜੋੜ ਨਾਲ ਬੀਜੇਪੀ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰੀ ਅਤੇ ਹਾਰ ਕੇ ਵੀ ਜਿੱਤ ਹਾਸਲ ਕਰ ਲਈ। ਕਾਂਗਰਸ ਤੋਂ ਬੀਜੇਪੀ ਵਿੱਚ ਆਏ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 66 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ। ਖ਼ਾਸ ਗੱਲ ਇਹ ਹੈ ਕਿ ਬੀਜੇਪੀ ਨੇ ਆਪਣੇ ਸੀਨੀਅਰ ਭਾਈਵਾਲ  ਰਹੇ ਅਕਾਲੀ ਦਲ ਨੂੰ ਪਿੱਛੇ ਧਕੇਲਦਿਆਂ ਤਕਰੀਬਨ 20 ਹਜ਼ਾਰ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਹਨ। ਸ਼ਹਿਰੀ ਹਲਕੇ ਵਿੱਚ ਪਾਰਟੀ ਨੂੰ ਲੋਕਾਂ ਦਾ ਚੰਗਾ ਹੁੰਗਾਰਾ ਮਿਲਿਆ ਜੋ ਕਿ ਬੀਜੇਪੀ ਦੀ ਭਵਿੱਖ  ਦੀ ਸਿਆਸਤ ਲਈ ਸ਼ੁਭ ਸੰਕੇਤ ਹੈ।