India Punjab

ਪਾਲੀ ਭੁਪਿੰਦਰ, ਹਰਵਿੰਦਰ ਤੇ ਗੁਰਪ੍ਰੀਤ ਖਾਲਸਾ ਨੂੰ ਸੰਗੀਤ ਨਾਟਕ ਅਕਾਦਮੀ ਐਵਾਰਡ

Sangeet Natak Akademi Award to Pali Bhupinder, Harvinder and Gurpreet Khalsa

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬੁੱਧਵਾਰ ਨੂੰ ਵੱਖ-ਵੱਖ ਖੇਤਰਾਂ ਦੇ ਕੁੱਲ 94 ਕਲਾਕਾਰਾਂ ਨੂੰ 2022 ਅਤੇ 2023 ਲਈ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਪ੍ਰਦਾਨ ਕੀਤੇ। ਉਨ੍ਹਾਂ ਨੇ ਵਿਗਿਆਨ ਭਵਨ ਵਿਖੇ ਹੋਏ ਸਮਾਗਮ ਦੌਰਾਨ ਸਾਂਝੀ ਫੈਲੋਸ਼ਿਪ ਸਮੇਤ ਸੱਤ ਕਲਾਕਾਰਾਂ ਨੂੰ ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ ਵੀ ਪ੍ਰਦਾਨ ਕੀਤੀ। ਇਸ ਵਿੱਚ ਪੰਜਾਬੀਆਂ ਨੂੰ ਪੁਰਸਕਾਰ ਦਿੱਤਾ ਗਿਆ ਹੈ।

ਪਾਲੀ ਭੁਪਿੰਦਰ ਸਿੰਘ ਨੂੰ ਬਤੌਰ ਨਾਟਕਕਾਰ ਰੰਗਮੰਚ ਦੇ ਖੇਤਰ ’ਚ ਪਾਏ ਯੋਗਦਾਨ ਬਦਲੇ, ਹਰਵਿੰਦਰ ਕੁਮਾਰ ਸ਼ਰਮਾ ਨੂੰ ਹਿੰਦੁਸਤਾਨੀ ਸਾਜ਼ ਸੰਗੀਤ ਅਤੇ ਗੁਰਪ੍ਰੀਤ ਸਿੰਘ ਖਾਲਸਾ ਨੂੰ ਸਿੱਖ ਮਾਰਸ਼ਲ ਆਰਟਸ ਗਤਕਾ ਦੇ ਖੇਤਰ ’ਚ ਪਾਏ ਯੋਗਦਾਨ ਬਦਲੇ ਸਾਲ 2023 ਦਾ ਪੁਸਰਕਾਰ ਦਿੱਤਾ ਗਿਆ ਹੈ।

ਰਾਸ਼ਟਰਪਤੀ ਨੇ ਨਾਲ ਹੀ ਸੱਤ ਮਸ਼ਹੂਰ ਕਲਾਕਾਰਾਂ ਨੂੰ ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ ਵੀ ਦਿੱਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਭਾਰਤੀ ਸੱਭਿਆਚਾਰਕ ਵਿਰਾਸਤ ’ਚ ਮੰਚੀ ਕਲਾਵਾਂ ਦੀ ਭੂਮਿਕਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ, ‘ਪ੍ਰਾਚੀਨ ਕਾਲ ਤੋਂ ਹੀ ਭਾਰਤੀ ਸੰਸਕ੍ਰਿਤੀ ’ਚ ਕਲਾ ਦੇ ਵੱਖ ਵੱਖ ਰੂਪਾਂ ਨੂੰ ਉੱਚਾ ਸਥਾਨ ਦਿੱਤਾ ਗਿਆ ਹੈ। ਭਰਤ ਮੁਨੀ ਦੇ ਨਾਟਯ ਸ਼ਾਸਤਰ ਨੂੰ ਵੇਦਾਂ ਦੇ ਬਰਾਬਰ ਦਰਜਾ ਦਿੰਦਿਆਂ ਇਸ ਨੂੰ ਪੰਜਵਾਂ ਵੇਦ ਕਿਹਾ ਗਿਆ ਹੈ।

ਰਾਸ਼ਟਰਪਤੀ ਨੇ ਅਕਾਦਮੀ ਦੀ ਫੈਲੋਸ਼ਿਪ ਤੇ ਐਵਾਰਡ ਹਾਸਲ ਕਰਨ ਵਾਲੇ ਕਲਾਕਾਰਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਉਹ ਆਪਣੀਆਂ ਕਲਾ ਦੀਆਂ ਵੰਨਗੀਆਂ ਅਤੇ ਸੰਗੀਤ ਤੇ ਨਾਟਕ ਰਾਹੀਂ ਭਾਰਤੀ ਕਲਾ ਦੀ ਰਵਾਇਤ ਨੂੰ ਅਮੀਰ ਬਣਾਉਣਾ ਜਾਰੀ ਰੱਖਣਗੇ।

ਇਸ ਮੌਕੇ ਲੋਕਗੀਤਕਾਰ ਤੇ ਲੇਖਕ ਵਿਨਾਇਕ ਖੇਡੇਕਰ, ਵੀਣਾ ਵਾਦਕ ਆਰ ਵਿਸ਼ਵੇਸ਼ਵਰਮ, ਕਥਕ ਨ੍ਰਿੱਤਕਾ ਸੁਨੈਨਾ ਹਜ਼ਾਰੀਲਾਲ, ਕੁਚੀਪੁੜੀ ਨ੍ਰਿੱਤਕ ਜੋੜਾ ਰਾਜਾ ਰੈੱਡੀ ਤੇ ਰਾਧਾ ਰੈੱਡੀ, ਰੰਗਮੰਚ ਨਿਰਦੇਸ਼ਕ ਦੁਲਾਲ ਰੌਇ ਅਤੇ ਨਾਟਕਕਾਰ ਡੀਪੀ ਸਿਨਹਾ ਨੂੰ ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ ਦਿੱਤੀ ਗਈ। ਇਸੇ ਤਰ੍ਹਾਂ ਜੰਮੂ ਕਸ਼ਮੀਰ ਤੋਂ ਅਬਦੁੱਲ ਗੱਫਾਰ ਡਾਰ ਕਨੀਹਮੀ, ਹਿਮਾਚਲ ਪ੍ਰਦੇਸ਼ ਤੋਂ ਕ੍ਰਿਸ਼ਨ ਲਾਲ ਸਹਿਗਲ ਅਤੇ ਹਰਿਆਣਾ ਤੋਂ ਹਰਵਿੰਦਰ ਸਿੰਘ ਨੂੰ ਵੀ ਅਦਾਕਮੀ ਪੁਰਸਕਾਰ ਦਿੱਤਾ ਗਿਆ।