ਦਿੱਲੀ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਤੱਕ ਪੁੱਜਦੀ ਕੀਤੀ ਜਾ ਰਹੀ ਇੱਕ-ਇੱਕ ਲੱਖ ਰੁਪਏ ਦੀ ਮਾਲੀ ਸਹਾਇਤਾ, ਹਰਿਆਣਾ ਦੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਦਿੱਤੀ ਜਾ ਰਹੀ ਆਰਥਿਕ ਮਦਦ
‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਕਿਸਾਨੀ ਜ਼ਜ਼ਬਿਆਂ ਦੀ ਕਹਾਣੀ ਲੈ ਕੇ ਘਰੋਂ ਤੁਰੇ ਪੰਜਾਬ ਦੇ ਪਿੰਡਾਂ ਦੇ ਕਿਸਾਨਾਂ ਨੇ ਸ਼ਾਇਦ ਸੋਚਿਆ ਨਹੀਂ ਹੋਣਾ ਕਿ ਉਹ ਮੁੜ ਕੇ ਆਪਣੇ ਪਰਿਵਾਰ ਦਾ ਮੂੰਹ ਨਹੀਂ ਦੇਖ ਸਕਣਗੇ। ਇਕ ਤੋਂ ਬਾਅਦ ਇੱਕ ਹੋਈਆਂ ਕਿਸਾਨਾਂ ਦੀਆਂ ਮੌਤਾਂ ਨਾਲ ਵੀ ਕੇਂਦਰ ਵਿੱਚਲੀ ਮੋਦੀ ਸਰਕਾਰ ਦਾ ਦਿਲ ਨਹੀਂ ਪੰਘਰਿਆ ਤੇ ਅਸੰਵੇਦਨਸ਼ੀਲਤਾ ਦਾ ਦੌਰ ਬਣਦਾ ਦੇਖ ਕੇ ਆਖਿਰ ਸਮਾਜਿਕ ਸੰਸਥਾਵਾਂ ਨੂੰ ਹੀ ਲੋਕ ਸੇਵਾ ਵਿੱਚ ਕੁੱਦਣਾ ਪਿਆ। ਰਾਜਨੀਤੀ ਦੀਆਂ ਖੇਡਾਂ, ਚਾਲਾਂ ਤੇ ਲੱਗਦੇ ਲਾਂਛਣਾਂ ਤੋਂ ਹੁੰਦਾ ਹੋਇਆ ਕਿਸਾਨੀ ਅੰਦੋਲਨ ਅੱਜ ਬੇਸ਼ੱਕ ਸਰਕਾਰ ਦੇ ਖੇਤੀ ਕਾਨੂੰਨਾਂ ਦੀਆਂ ਜੜ੍ਹਾਂ ਖੋਰਨ ਲਈ ਉਸੇ ਜਨੂੰਨ ਨਾਲ ਜੁਟਿਆ ਹੋਇਆ ਹੈ, ਪਰ ਇਸ ਅੰਦੋਲਨ ਦੇ ਲੇਖੇ ਆਪਣੀਆਂ ਜਾਨਾਂ ਲਾਉਣ ਵਾਲੇ ਕਿਸਾਨਾਂ ਦੇ ਪਿੱਛੇ ਵੱਸਦੇ ਪਰਿਵਾਰਾਂ ਦੀ ਵੀ ਸੁੱਧ ਲਈ ਜਾ ਰਹੀ ਹੈ।
ਉਮੀਦ ਦਾ ਇਕ ਕਦਮ ਪੁੱਟਦਿਆਂ ਸੰਗਤ ਟਰੱਸਟ ਦੇ ਸੰਗਤ ਏਡ ਵੱਲੋਂ ਸੰਗਤ ਦੇ ਸਹਿਯੋਗ ਨਾਲ ਹੁਣ ਤੱਕ ਪੰਜਾਬ ਹਰਿਆਣਾ ਦੇ 35 ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਦੀ ਮਾਲੀ ਮਦਦ ਦੇ ਕੇ ਆਪਣੇ ਤਿਲ਼-ਫੁਲ ਭੇਂਟ ਕੀਤੇ ਗਏ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਸੰਗਤ ਦਾ ਇਹ ਪੈਸਾ ਇਨ੍ਹਾਂ ਪਰਿਵਾਰਾਂ ਨੂੰ ਬਿਨ੍ਹਾਂ ਕਿਸੇ ਭੇਦਭਾਵ ਦੇ ਸੌਂਪਿਆ ਜਾ ਰਿਹਾ ਹੈ। ਸੰਗਤ ਟੀਵੀ ਦੇ ਇੱਕ ਟਰੱਸਟੀ ਰਣਧੀਰ ਸਿੰਘ ਲੰਡਨ ਤੋਂ ਖੁਦ ਇੱਥੇ ਪਹੁੰਚੇ ਹਨ ਅਤੇ ਸ਼ਹੀਦ ਹੋਏ ਇਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਨਾਲ ਜਾ ਕੇ ਦੁੱਖ ਵੰਡਾ ਰਹੇ ਹਨ ਅਤੇ ਸੰਗਤ ਵੱਲੋਂ ਸੇਵਾ ਦੇ ਰੂਪ ‘ਚ ਭੇਜੇ ਗਏ ਇਨ੍ਹਾਂ ਪੈਸਿਆਂ ਨੂੰ ਲੋੜਵੰਦ ਪਰਿਵਾਰਾਂ ਦੇ ਹੱਥਾਂ ਤੱਕ ਪੁੱਜਦਾ ਕਰ ਰਹੇ ਹਨ।
ਹੁਣ ਤੱਕ ਮੋਗਾ, ਮਾਨਸਾ, ਬਰਨਾਲਾ, ਹੁਸ਼ਿਆਰਪੁਰ, ਜਲੰਧਰ ਦੇ ਇਨ੍ਹਾਂ ਕਿਸਾਨ ਪਰਿਵਾਰਾਂ ਤੱਕ ਮਾਲੀ ਮਦਦ ਪੁੱਜਦੀ ਕੀਤੀ ਜਾ ਚੁੱਕੀ ਹੈ। ਸੰਗਤ ਟਰੱਸਟ ਵੱਲੋਂ ਬਾਕੀ ਪ੍ਰਤੀ ਪਰਿਵਾਰ ਇੱਕ ਲੱਖ ਰੁਪਏ ਦੇਣ ਲਈ ਵਿੰਡੀ ਗਈ ਇਹ ਸੇਵਾ ਨਿਰੰਤਰ ਜਾਰੀ ਹੈ ਤੇ ਬਾਕੀ ਪਰਿਵਾਰਾਂ ਨੂੰ ਵੀ ਇਹ ਮਦਦ ਜਲਦ ਦਿੱਤੀ ਜਾ ਰਹੀ ਹੈ।
ਸਰਕਾਰ ਨੇ ਕਿਸਾਨੀ ਅੰਦੋਲਨ ਨੂੰ ਤੋੜਨ ਲਈ ਬਹੁਤ ਸਾਰੇ ਪੈਂਤੜੇ ਘੜੇ ਪਰ ਹਰ ਪਾਸੇ ਸਰਕਾਰ ਦੀਆਂ ਸਭ ਤਦਬੀਰਾਂ ਉਲਟੀਆਂ ਸਾਬਿਤ ਹੋਈਆਂ। ਸਰਕਾਰ ਤੇ ਸਰਕਾਰ ਦੇ ਮੰਤਰੀਆਂ ਵੱਲੋਂ ਇੱਥੋਂ ਤੱਕ ਕਿਹਾ ਗਿਆ ਕਿ ਇਹ ਅਮੀਰ ਕਿਸਾਨ ਹਨ ਜੋ ਛੇ-ਛੇ ਮਹੀਨੇ ਦਾ ਲੰਗਰ ਪਾਣੀ ਲੈ ਕੇ ਧਰਨਾ ਦੇ ਰਹੇ ਹਨ। ਪਰ ਜਮੀਨੀ ਹਕੀਕਤ ਸਰਕਾਰ ਕਦੇ ਨਹੀਂ ਸਮਝ ਸਕਦੀ।
ਬੁੱਢਲਾਡਾ ਦੇ ਲਖਮੀਰ ਵਾਲਾ ਪਿੰਡ ਦੇ ਕਿਸਾਨ ਹਰਮਿੰਦਰ ਸਿੰਘ ਦੀ ਕਰੀਬ 70 ਸਾਲ ਦੀ ਉਮਰ ਵਿੱਚ ਠੰਡ ਕਾਰਨ ਨਿਮੋਨੀਆਂ ਹੋਣ ਕਾਰਨ ਜਾਨ ਗਈ ਹੈ। ਉਸਦੇ ਪੁੱਤਰ ਨੇ ਦੱਸਿਆ ਕਿ ਉਨ੍ਹਾਂ ਕੋਲ ਕੇਵਲ ਡੇਢ ਕਿੱਲਾ ਹੈ, ਜਿਸ ਨਾਲ ਘਰ ਦਾ ਗੁਜਾਰਾ ਚਲਦਾ ਹੈ।
ਮਾਨਸਾ ਦੇ ਪਿੰਡ ਧਿੰਗੜ ਦੇ ਰਹਿਣ ਵਾਲੇ ਕਿਸਾਨ ਗੁਰਮੀਤ ਸਿੰਘ ਕੁੱਕੂ 24 ਤਰੀਕ ਨੂੰ ਦਿੱਲੀ ਗਏ ਸਨ ਪਰ ਅਗਲੇ ਹੀ ਦਿਨ 25 ਤਰੀਕ ਨੂੰ ਉਨ੍ਹਾਂ ਦੀ ਮੌਤ ਹੋ ਗਈ। ਘਰ ਦੀ ਮਾਲੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਹੈ।
ਇਸੇ ਤਰ੍ਹਾਂ ਜਿਲਾ ਮਾਨਸਾ ਦੇ ਪਿੰਡ ਟਿੱਬੀ ਹਰੀ ਸਿੰਘ ਦੇ ਕਿਸਾਨ ਬੂਟਾ ਸਿੰਘ ਦੀ ਉਮਰ ਵੀ 70 ਸਾਲ ਦੀ ਸੀ। ਇਨ੍ਹਾਂ ਦੀ ਜਾਨ ਵੀ ਠੰਡ ਨਾਲ ਨਿਮੋਨੀਆਂ ਹੋਣ ਕਰਕੇ ਗਈ ਹੈ।
ਬੁਢਲਾਢਾ ਦੇ ਪਿੰਡ ਬੱਛੁਆਣਾ ਦੇ ਸ਼ਹੀਦ ਕਿਸਾਨ ਗੁਰਜੰਟ ਸਿੰਘ ਸੇਖੋਂ ਦੇ ਵਰਿਵਾਰ ਦੀ ਮਾਲੀ ਹਾਲਤ ਵੀ ਹੁਣ ਇੱਕ ਪੁੱਤਰ ਦੇ ਆਸਰੇ ਤੇ ਹੈ।
ਸੰਗਤ ਟਰੱਸਟ ਵੱਲੋਂ ਹਰਿਆਣਾ ਦੇ ਵੀ ਕੁੱਝ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਬਿਨਾਂ ਕਿਸੇ ਖੇਤਰੀ ਭੇਦਭਾਵ ਦੇ ਮਾਲੀ ਮਦਦ ਦਿੱਤੀ ਗਈ ਹੈ। ਇਨ੍ਹਾਂ ਵਿੱਚ ਜਿਲ੍ਹਾ ਕੈਥਲ ਦੇ ਪਿੰਡ ਸ਼ੇਰਦਾ ਦੇ ਅਮਰਪਾਲ, ਪਿੰਡ ਭਾਣ ਦੇ ਰਾਮਕੁਮਾਰ, ਪਿੰਡ ਮਸਤਗੜ੍ਹ ਦੇ ਜਸਪ੍ਰੀਤ ਸਿੰਘ, ਜਿਲ੍ਹਾ ਜੀਂਦ ਦੇ ਪਿੰਡ ਉਝਾਨਾ ਦੇ ਕਿਸਾਨ ਕਿਤਾਬ ਸਿੰਘ, ਹਿਸਾਰ ਦੇ ਪਿੰਡ ਛਾਨ ਦੇ ਰਾਮ ਮੇਹਰ ਅਤੇ ਜਿਲ੍ਹਾ ਕੁਰੂਕਸ਼ੇਤਰ ਦੇ ਪਿੰਡ ਗੁੰਮਥਾਨਾ ਦੇ ਸੁਰਿੰਦਰ ਸਿੰਘ ਦੇ ਪਰਿਵਾਰ ਨੂੰ ਵੀ ਇੱਕ-ਇੱਕ ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਦਿੱਲੀ ਮੋਰਚੇ ਵਿੱਚ ਸ਼ਹੀਦ ਹੋਏ ਜਸਪ੍ਰੀਤ ਸਿੰਘ ਕਾਹਲੋਂ, ਭੁਪਿੰਦਰ ਸਿੰਘ, ਲੀਲੂ ਸਿੰਘ ਖਾਲਸਾ, ਨਿਰਮਲ ਸਿੰਘ, ਕੁਲਵਿੰਦਰ ਸਿੰਘ ਸਤੌਰ ਦੇ ਪਰਿਵਾਰ ਨੂੰ ਵੀ ਸੰਗਤ ਟਰੱਸਟ ਵੱਲੋਂ ਇੱਕ-ਇੱਕ ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ ਗਈ ਹੈ।