Punjab

ਗਾਂ ਦੀ ਪੂਛ ਦਸਤਾਰ ‘ਤੇ ਲਵਾਉਣ ਦਾ ਦੱਸਿਆ ਕਾਰਨ, ਸੰਧਵਾਂ ਨੇ ਅਕਾਲ ਤਖ਼ਤ ਸਾਹਿਬ ਭੇਜਿਆ ਮੁਆਫੀਨਾਮਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀ ਕੀਤੀ ਗਲਤੀ ਦੀ ਭੁੱਲ ਬਖਸ਼ਾਈ ਹੈ। ਸੰਧਵਾਂ ਨੇ ਆਪਣੀ ਗਲਤੀ ਲਈ ਲਿਖਤੀ ਮੁਆਫੀ ਮੰਗੀ ਅਤੇ ਖੁਦ ਨੂੰ ਗੁਰੂ ਦਾ ਨਿਮਾਣਾ ਸਿੱਖ ਕਿਹਾ। ਇਸਦੇ ਨਾਲ ਹੀ ਉਨ੍ਹਾਂ ਨੇ ਸਪੀਕਰ ਦੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਿਭਾਉਣ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ੀਰਵਾਦ ਵੀ ਲਿਆ। ਸੰਧਵਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਬਣਨ ਤੋਂ ਬਾਅਦ ਪਹਿਲੀ ਵਾਰ ਹਰਿਮੰਦਰ ਸਾਹਿਬ ਨਤਮਸਤਕ ਹੋਏ।

ਦਰਅਸਲ, ਪੰਜਾਬ ਵਿਧਾਨ ਸਭਾ ਦੇ ਸਪੀਕਰ ਐਲਾਨੇ ਜਾਣ ਤੋਂ ਬਾਅਦ ਕੁਲਤਾਰ ਸਿੰਘ ਸੰਧਵਾਂ ਪਿਛਲੇ ਦਿਨੀਂ ਬਠਿੰਡਾ ਦੀ ਗਊਸ਼ਾਲਾ ਵਿੱਚ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਪਹਿਲਾਂ ਗਊ ਪੂਜਾ ਕੀਤੀ ਅਤੇ ਫਿਰ ਉੱਥੋਂ ਦੇ ਪੁਜਾਰੀ ਨੇ ਸੰਧਵਾਂ ਦੀ ਦਸਤਾਰ (ਪੱਗ) ‘ਤੇ ਗਾਂ ਦੀ ਪੂਛ ਮਾਰ ਕੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ। ਉਨ੍ਹਾਂ ਦੇ ਅਜਿਹਾ ਕਰਨ ਕਾਰਨ ਸਿੱਖ ਜਗਤ ‘ਚ ਵਿਰੋਧ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਉਹ ਸ਼ਨਿੱਚਰਵਾਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀ ਗਲਤੀ ਦੀ ਮੁਆਫੀ ਮੰਗਣ ਲਈ ਪਹੁੰਚੇ।

ਇਸ ਮੌਕੇ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਖਿਮਾ ਪੱਤਰ ਵੀ ਲਿਖਿਆ। ਪੱਤਰ ਵਿੱਚ ਉਨ੍ਹਾਂ ਨੇ ਲਿਖਿਆ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ। ਇਸੇ ਤਹਿਤ ਹੀ ਸੱਦਾ ਮਿਲਣ ‘ਤੇ ਉਹ ਗਊਸ਼ਾਲਾ ਫੇਰੀ ਦੌਰਾਨ ਹਾਲਾਤ ਇਹੋ ਜਿਹੇ ਬਣ ਗਏ ਕਿ ਮੌਜੂਦਾ ਧਾਰਮਿਕ ਪੁਜਾਰੀ ਵੱਲੋਂ ਮੇਰੀ ਦਸਤਾਰ ਉੱਪਰ ਗਾਂ ਦੀ ਪੂਛ ਛੁਹਾਈ ਗਈ। ਮੇਰੀ ਇਸ ਗਲਤੀ ਦੇ ਨਾਲ ਸਿੱਖ ਪੰਥ ਦੇ ਹਿਰਦੇ ਵਲੂੰਧਰੇ ਗਏ ਹਨ, ਜਿਸ ਕਰਕੇ ਮੈਂ ਮੁਆਫ਼ੀ ਮੰਗਦਾ ਹਾਂ। ਉਨ੍ਹਾਂ ਨੇ ਪੰਥ ਕੋਲੋਂ ਮੁਆਫ਼ੀ ਦੇਣ ਦੀ ਅਪੀਲ ਕੀਤੀ।