Punjab

SYL’ਤੇ ਆਪਣੇ ਹੀ MP ਦੇ ਬਿਆਨ ਨੇ ‘AAP’ ਸਰਕਾਰ ਨੂੰ ਫਸਾਇਆ !

 

ਬਿਉਰੋ ਰਿਪੋਰਟ : SYL ਨੂੰ ਲੈਕੇ ਪੰਜਾਬ ਦੀ ਸਿਆਸਤ ਵਿੱਚ ਚੁਣੌਤੀਆਂ ਦਾ ਦੌਰ ਚੱਲ ਰਿਹਾ ਹੈ । ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਹੁਣ ਅਕਾਲੀ ਦਲ ਨੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਹੈ । ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਪੰਜਾਬ ਤੋਂ ਰਾਜਸਭਾ ਦੇ ਮੈਂਬਰ ਸੰਦੀਪ ਪਾਠਕ ਦਾ SYL ‘ਤੇ ਦਿੱਤੇ ਬਿਆਨ ਨੂੰ ਲੈਕੇ ਕਿਹਾ ਹੈ ਕਿ ਕੀ ਮੁੱਖ ਮੰਤਰੀ ਉਨ੍ਹਾਂ ਤੋਂ ਸਹਿਮਤ ਹਨ ? ਕਿ SYL ‘ਤੇ ਹਰਿਆਣਾ ਦਾ ਵੀ ਬਰਾਬਰ ਦਾ ਹੱਕ ਹੈ । ਕੀ ਮੁੱਖ ਮੰਤਰੀ ਮਾਨ ਆਪਣੇ ਐੱਮਪੀ ਦੇ ਖਿਲਾਫ ਕੋਈ ਐਕਸ਼ਨ ਲੈਣਗੇ ?

ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘X’ ‘ਤੇ ਲਿਖਿਆ ਕਿ ‘SYL ਵਰਗੇ ਗੰਭੀਰ ਮੁੱਦੇ ‘ਤੇ ਆਪ ਦੇ ਜਰਨਲ ਸਕੱਤਰ ਅਤੇ ਪੰਜਾਬ ਤੋਂ ਰਾਜਸਭਾ ਦੇ ਮੈਂਬਰ ਸੰਦੀਪ ਪਾਠਕ ਖੁੱਲ ਕੇ ਹਰਿਆਣਾ ਦੀ ਹਮਾਇਤ ਕਰ ਰਹੇ ਹਨ ਆਪਣੇ ਬਿਆਨ ਵਿੱਚ ਉਹ ਕਹਿੰਦੇ ਹਨ ਕਿ SYL ਦਾ ਮੁੱਦਾ ਸਿਰਫ਼ ਸਿਆਸੀ ਹੈ ਅਤੇ ਸਿਰਫ ਚੋਣਾਂ ਦੇ ਦੌਰਾਨ ਹੀ ਗਰਮਾਉਂਦਾ ਹੈ। ਉਨ੍ਹਾਂ ਨੇ ਕਿਹਾ ਹਰਿਆਣਾ ਨੂੰ ਜ਼ਰੂਰਤ ਆਪਣੇ ਪਾਣੀ ਦਾ ਹਿੱਸਾ ਮਿਲਣਾ ਚਾਹੀਦਾ ਹੈ । ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ‘ਤੇ ਬਿਆਨ ਜਾਰੀ ਕਰਦੇ ਹੋਏ ਸਾਫ ਕਰਨਾ ਚਾਹੀਦਾ ਹੈ ਕਿ ਉਹ ਇਸ ਤੋਂ ਸਹਿਮਤ ਹਨ ਜਾਂ ਨਹੀਂ । ਜੇਕਰ ਨਹੀਂ ਤਾਂ ਉਹ ਆਪਣੇ ਐੱਮਪੀ ਖਿਲਾਫ ਕੀ ਐਕਸ਼ਨ ਲੈਣ ਜਾ ਰਹੇ ਹਨ ਉਸ ਨੂੰ ਤੈਅ ਕਰਨ’ ।

ਸੰਦੀਪ ਪਾਠਕ ਦਾ ਬਿਆਨ

ਸੰਦੀਪ ਪਾਠਕ ਹਰਿਆਣਾ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ । ਇਸ ਦੌਰਾਨ ਜਦੋਂ ਉਨ੍ਹਾਂ ਕੋਲੋ SYL ਦੇ ਮੁੱਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ SYL ਦਾ ਮੁੱਦਾ ਜਾਂ ਤਾਂ ਸੁਪਰੀਮ ਕੋਰਟ ਹੱਲ ਕਰ ਸਕਦੀ ਹੈ ਜਾਂ ਦੋਵੇ ਸੂਬੇ ਮਿਲਕੇ । ਉਨ੍ਹਾਂ ਨੇ ਕਿਹਾ ਪੰਜਾਬ ਅਤੇ ਹਰਿਆਣਾ ਨੂੰ ਆਪੋ-ਆਪਣੇ ਹਿੱਸੇ ਦਾ ਪਾਣੀ ਮਿਲਣਾ ਚਾਹੀਦਾ ਹੈ । ਉਨ੍ਹਾਂ ਨੇ ਇਸ ਮਾਮਲੇ ਵਿੱਚ ਕੇਂਦਰ ਦੀ ਭੂਮਿਕਾ ਨੂੰ ਅਹਿਮ ਦੱਸਿਆ ਹੈ । ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ SYL ‘ਤੇ ਦਿੱਤੇ ਜਵਾਬ ਨੂੰ ਲੈਕੇ ਵਿਰੋਧੀਆਂ ਦੇ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕਿਹਾ ਸੀ ਜਿਹੜੀ ਜ਼ਮੀਨ SYL ਲਈ ਐਕਵਾਇਰ ਕੀਤਾ ਸੀ ਉਹ ਵਾਪਸ ਕਰ ਦਿੱਤੀ ਹੈ ਨਾਲ ਹੀ ਵਿਰੋਧੀ ਧਿਰ ਵੀ ਇਸ ਦੇ ਖਿਲਾਫ ਹੈ । ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੀਆਂ ਹੀ ਪਾਰਟੀਆਂ ਨੂੰ SYL ਸਮੇਤ ਪੰਜਾਬ ਦੇ ਹੋਰ ਮੁੱਦਿਆਂ ‘ਤੇ ਬਹਿਸ ਕਰਨ ਦੀ ਚੁਣੌਤੀ ਦਿੱਤੀ ਸੀ।

ਕਾਂਗਰਸ ਹੁਣ ਤੱਕ ਸੀਐੱਮ ਮਾਨ ਦੀ ਬਹਿਸ ਵਾਲੀ ਚੁਣੌਤੀ ‘ਤੇ ਆਪਣੀ ਸਥਿਤੀ ਸਾਫ ਨਹੀਂ ਕਰ ਸਕੀ ਹੈ ਜਦਕਿ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸਾਫ ਕਰ ਦਿੱਤਾ ਹੈ ਕਿ ਉਹ ਇਸ ਬਹਿਸ ਵਿੱਚ ਨਹੀਂ ਜਾਣਗੇ । ਉਨ੍ਹਾਂ ਨੇ ਆਪਣੇ ਵੱਲੋਂ ਐੱਚਐੱਸ ਫੂਲਕਾ, ਧਰਮਵੀਰ ਗਾਂਧੀ ਅਤੇ ਕੰਵਰ ਸੰਧੂ ਦਾ ਨਾਂ ਅੱਗੇ ਕੀਤੀ ਸੀ। ਜਦਕਿ ਅਕਾਲੀ ਦਲ ਨੇ ਕਿਹਾ ਸੀ ਕਿ ਅਸੀਂ ਇਸ ਬਹਿਸ ਦੀ ਥਾਂ ਕੇਂਦਰ ਤੋਂ ਆਉਣ ਵਾਲੀ ਸਰਵੇ ਟੀਮ ਦਾ ਘਿਰਾਓ ਕਰਾਂਗੇ।