Khalas Tv Special Punjab

ਖ਼ਾਸ ਰਿਪੋਰਟ-ਰੇਤ ਮਾਫੀਆ, ਸਿਆਸੀ ਪੀਲੇ ਪੰਜਿਆਂ ਨਾਲ ਭੁਰਦਾ ਪੰਜਾਬ

ਜਗਜੀਵਨ ਮੀਤ
ਮਾਫੀਆ ਕੋਈ ਵੀ ਹੋਵੇ, ਪੰਜਾਬ ਦੀਆਂ ਜੜ੍ਹਾਂ ਵਿੱਚ ਕਈ ਲੋਕ ਬੈਠੇ ਹੋਏ ਹਨ। ਖਾਸਕਰਕੇ ਰੇਤ ਮਾਫੀਆ ਨੇ ਹਰੇਕ ਸਰਕਾਰ ਦੇ ਵੇਲੇ ਅੱਖੀਂ ਘੱਟਾ ਪਾਇਆ ਵੀ ਹੈ ਤੇ ਇਸ ਘੱਟੇ ਨੂੰ ਸਾਫ ਕਰਨ ਲਈ ਕਈ ਤਰ੍ਹਾਂ ਦੇ ਸਵਾਲ ਵੀ ਚੁੱਕੇ ਹਨ। ਯਾਦ ਕਰਾ ਦਈਏ ਕਿ ਸੁਪਰੀਮ ਕੋਰਟ ਦੇ ਵਕੀਲ ਐੱਚਐੱਸ ਫੂਲਕਾ ਨੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਚਿੱਠੀ ਲਿਖੀ ਸੀ, ਜਿਸ ਵਿਚ ਮੰਗ ਕੀਤੀ ਗਈ ਸੀ ਕਿ ਉਹ ਆਪਣੇ ਕਾਰਜਕਾਲ ਦੌਰਾਨ ਤਿਆਰ ਕੀਤੀ ਰੇਤ ਮਾਫ਼ੀਆ ਦੀ ਰਿਪੋਰਟ ਨੂੰ ਜਨਤਕ ਕਰ ਦੇਣ। ਪਰ ਇਸ ਚਿੱਠੀ ਦਾ ਕੋਈ ਬਹੁਤਾ ਪ੍ਰਭਾਵ ਨਾ ਤੇ ਦੇਖਿਆ ਗਿਆ ਤੇ ਨਾ ਹੀ ਲੋਕਾਂ ਸਾਹਮਣੇ ਇਸ ਨਾਲ ਜੁੜੀ ਕੋਈ ਰਿਪੋਰਟ ਜਨਤਕ ਹੋਈ।

ਚਿੱਠੀ ਅਨੁਸਾਰ ਫੂਲਕਾ ਨੇ ਕਿਹਾ ਸੀ ਕਿ ਹੁਣ ਸਮਾਂ ਹੈ ਜਦੋਂ ਹਰ ਤਰ੍ਹਾਂ ਦੇ ਮਾਫ਼ੀਆ ਖ਼ਿਲਾਫ਼ ਤਿਆਰ ਕੀਤੀਆਂ ਰਿਪੋਰਟਾਂ ਜਨਤਕ ਕੀਤੀਆਂ ਜਾਣ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਆਖ਼ਰ ਸੂਬੇ ਵਿੱਚ ਕਿਸ ਦਾ ਰਾਜ ਚੱਲ ਰਿਹਾ ਹੈ।ਫੂਲਕਾ ਨੇ ਨਵਜੋਤ ਸਿੰਘ ਸਿੱਧੂ ਨੂੰ 2017 ਵਿੱਚ ਰੇਤ ਮਾਫੀਆ ’ਤੇ ਕਾਬੂ ਪਾਉਣ ਵਾਸਤੇ ਕਾਰਪੋਰੇਸ਼ਨ ਬਣਾਉਣ ਦਾ ਸੁਝਾਅ ਵੀ ਦਿੱਤਾ ਸੀ।

ਹਾਲਾਂਕਿ ਸਿੱਧੂ ਨੇ ਇੱਕ ਰਿਪੋਰਟ ਬਣਾ ਕੇ ਉਸ ਵੇਲੇ ਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਸੀ, ਪਰ ਅਫਸੋਸ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ਵਾਲਾ ਹੈ, ਪਰ ਇਸ ਰਿਪੋਰਟ ਉੱਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ।ਫੂਲਕਾ ਨੇ ਆਖਿਆ ਸੀ ਕਿ ਕਾਂਗਰਸ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਰੇਤ ਮਾਫੀਆ ਖ਼ਤਮ ਕਰਨ ਦਾ ਵਾਅਦਾ ਤਾਂ ਕੀਤਾ ਸੀ ਪਰ ਅਫਸੋਸ ਕਾਂਗਰਸ ਸਰਕਾਰ ਖਤਮ ਹੋਣ ਕੰਢੇ ਹੈ, ਰੇਤ ਮਾਫੀਆ ਘਟਿਆ ਤਾਂ ਨਹੀਂ, ਹਾਂ ਇਸਦੇ ਪੈਰ ਹੋਰ ਵਧੇ ਫੁੱਲੇ ਹਨ।

ਤਾਜਾ ਖਬਰ ਦੀ ਗੱਲ ਕਰਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਵੇਲੇ ਰੇਤ ਮਾਫੀਆ ਉੱਤੇ ਮਾਰੀ ਸਰਸਰੀ ਨਜਰ ਬਾਰੇ ਵੀ ਗੱਲ ਕਰਨੀ ਬਣਦੀ ਹੈ। ਮੀਡੀਆ ਰਿਪੋਟਰਾਂ ਦੇ ਹਵਾਲੇ ਨਾਲ ਯਾਦ ਕਰਾਈਏ ਕਿ ਇਸੇ ਸਾਲ ਦੀ ਸ਼ੁਰੂਆਤ ਵੇਲੇ ਦਿੱਲੀ ਤੋਂ ਚੰਡੀਗੜ੍ਹ ਮੁੜਦਿਆਂ ਕੈਪਟਨ ਨੇ ਆਪਣੇ ਹੈਲੀਕਾਪਟਰ ਦੇ ਪਾਇਲਟ ਨੂੰ ਹਦਾਇਤ ਕੀਤੀ ਕਿ ਉਹ ਉਸ ਪਾਸੇ ਹੈਲੀਕਾਪਟਰ ਲੈ ਕੇ ਜਾਵੇ, ਜਿਸ ਪਾਸੇ ਰੇਤ ਮਾਫੀਆ ਦੀਆਂ ਕਣਸੋਆਂ ਹਨ। ਇਹ ਸਾਰਾ ਪੰਜਾਬ ਜਾਣਦਾ ਹੈ ਕਿ ਦਰਿਆ ਦੇ ਕੰਢੇ ਵਾਲੇ ਇਲਾਕਿਆਂ ਵਿਚ ਖੁੱਲ੍ਹ ਕੇ ਰੇਤ ਮਾਫੀਆ ਚੱਲਦਾ ਹੈ ਤੇ ਕਾਂਗਰਸ ਪਾਰਟੀ ਦੇ ਆਪਣੇ ਕਈ ਵਿਧਾਇਕ ਤੇ ਮੰਤਰੀ ਹਨ, ਜਿਨ੍ਹਾਂ ਉੱਤੇ ਮਾਫੀਆ ਦੇ ਇਲਜਾਮ ਲੱਗੇ ਹੋਏ ਹਨ। ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੁਰਸੀ ਛੱਡਣ ਤੋਂ ਪਹਿਲਾਂ ਆਪ ਮੰਨਿਆ ਹੈ ਕਿ ਕਾਂਗਰਸ ਦੇ ਕਈ ਮੰਤਰੀ ਇਸ ਵਿਚ ਗਲਤਾਨ ਹਨ ਪਰ ਉਨ੍ਹਾਂ ਨੇ ਅਹੁਦੇ ਦੀ ਮਰਿਆਦਾ ਕਾਰਨ ਮੂੰਹ ਨਹੀਂ ਖੋਲ੍ਹਿਆ।ਹੈਰਾਨੀ ਦੀ ਗੱਲ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਸੀ, ਤਾਂ ਉਨ੍ਹਾਂ ਨੇ ਸਿਰਫ ਮੂੰਹ ਖੋਲ੍ਹਣ ਤੋਂ ਇਲਾਵਾ, ਇਹ ਕਾਰਵਾਈ ਕਿਉਂ ਨਹੀਂ ਕੀਤੀ ਕਿ ਰੇਤ ਮਾਫੀਆ ਵਿਚ ਲਿਬੜੇ ਹੋਏ ਵਿਧਾਇਕਾਂ ਨੂੰ ਇਸ ਤਰ੍ਹਾਂ ਪੰਜਾਬ ਨੂੰ ਲੁੱਟਣ ਤੋਂ ਰੋਕਿਆ ਜਾ ਸਕੇ।

ਇਹ ਵੀ ਸ਼ਾਇਦ ਯਾਦ ਹੋਵੇ ਕਿ ਕੁੱਝ ਮਹੀਨੇ ਪਹਿਲਾਂ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਦਰਿਆ ਦੇ ਕਈ ਇਲਾਕਿਆਂ ਵਿਚ ਅਚਨਚੇਤ ਛਾਪਾ ਮਾਰ ਕੇ ਰੇਤ ਮਾਫੀਆ ਦੇ ਲੋਕਾਂ ਨੂੰ ਫੜ੍ਹਨ ਦਾ ਦਾਅਵਾ ਕੀਤਾ ਸੀ। ਪਰ ਉਸ ਤੋਂ ਬਾਅਦ ਕੀ ਕਾਰਵਾਈ ਹੋਏ, ਲੋਕਾਂ ਨੂੰ ਵੀ ਨਹੀਂ ਪਤਾ।

ਤਾਜਾ ਖਬਰ ਅਨੁਸਾਰ ਆਮ ਆਦਮੀ ਪਾਰਟੀ (ਆਪ) ਨੇ ਸਕੂਲਾਂ ਤੋਂ ਬਾਅਦ ਰੇਤ ਮਾਇਨਿੰਗ ਨੂੰ ਲੈ ਕੇ ਵਿਧਾਨ ਸਭਾ ਖੇਤਰ ਚਮਕੌਰ ਸਾਹਿਬ ‘ਤੇ ਧਾਵਾ ਬੋਲ ਦਿੱਤਾ ਹੈ। ਆਪ ਦੇ ਸਹਿ ਮੁਖੀ ਰਾਘਵ ਚੱਢਾ ਨੇ ਪਿੰਡ ਜਿੰਦਾਪੁਰ ਵਿਚ ਨਾਜਾਇਜ਼ ਰੇਤ ਖਨਨ ਫੜਣ ਦਾ ਦਾਅਵਾ ਕੀਤਾ।

ਚੱਢਾ ਨੇ ਇਹ ਵੀ ਕਿਹਾ ਕਿ ਕੁਝ ਸਮਾਂ ਪਹਿਲਾਂ ਜਦੋਂ ਫਾਰੈਸਟ ਅਫਸਰ ਨੇ ਜੰਗਲਾਤ ਵਿਭਾਗ ਦੀ ਜ਼ਮੀਨ ‘ਤੇ ਰੇਤ ਖਨਨ ਦੇ ਖਿਲਾਫ ਆਵਾਜ਼ ਚੁੱਕੀ ਤਾਂ ਉਸ ਦੀ ਟਰਾਂਸਫਰ ਕਰ ਦਿੱਤੀ ਗਈ। ਚੱਢਾ ਨੇ ਕਿਹਾ ਕਿ ਪੰਜਾਬ ਵਿਚ ਰੇਤ ਮਾਫੀਆ ਖਤਮ ਕਰਨ ਦੇ ਮਾਮਲੇ ਵਿਚ ਝੂਠ ਬੋਲ ਰਹੀ ਹੈ ਪੰਜਾਬ ਸਰਕਾਰ।

ਰਾਘਵ ਚੱਢਾ ਨੇ ਕਿਹਾ ਕਿ ਇਥੇ ਸ਼ਰ੍ਹੇਆਮ ਰੇਤ ਮਾਫੀਆ ਦੀ ਛੱਤਰ-ਛਾਇਆ ਹੇਠ ਕੰਮ ਕੀਤਾ ਜਾ ਰਿਹਾ ਹੈ। ਇਥੇ ਰੋਜ਼ਾਨਾ 800 ਤੋਂ ਇਕ ਹਜ਼ਾਰ ਟਿੱਪਰ ਰੇਤ ਭਰ ਕੇ ਲਿਜਾਏ ਜਾਂਦੇ ਹਨ। ਇਕ ਟਿੱਪਰ ਵਿਚ 800 ਫੁੱਟ ਰੇਤ ਆਉਂਦੀ ਹੈ। ਜੋ ਮਾਰਕੀਟ ਵਿਚ 40 ਰੁਪਏ ਕਿਊਬਿਕ ਫੁੱਟ ਤੱਕ ਮਾਰਕੀਟ ਵਿਚ ਵਿਕਦੀ ਹੈ।

ਮੀਡੀਆ ਰਿਪੋਰਟਾਂ ਦੀ ਗੱਲ ਕਰੀਏ ਤਾਂ ਚੱਢਾ ਨੇ ਇਕ ਚਿੱਠੀ ਵੀ ਦਿਖਾਈ ਕਿ ਕੁਝ ਦਿਨ ਪਹਿਲਾਂ ਫਾਰੈਸਟ ਅਫਸਰ ਨੇ ਐੱਸ.ਐੱਚ.ਓ. ਅਤੇ ਤਹਿਸੀਲਦਾਰ ਨੂੰ ਚਿੱਠੀ ਲਿਖੀ ਸੀ। ਜਿਸ ਵਿਚ ਕਿਹਾ ਕਿ ਜਿੰਦਾਪੁਰ ਪਿੰਡ ਵਿਚ ਇਸ ਥਾਂ ‘ਤੇ ਨਾਜਾਇਜ਼ ਰੇਤ ਮਾਈਨਿੰਗ ਹੋ ਰਹੀ ਹੈ। ਇਹ ਜ਼ਮੀਨ ਫਾਰੈਸਟ ਲੈਂਡ ਵਿਚ ਹੈ। ਇਥੇ ਕੋਈ ਐਕਟੀਵਿਟੀ ਨਹੀਂ ਹੋ ਸਕਦੀ। ਜਿਸ ਦਿਨ ਚਿੱਠੀ ਲਿਖੀ ਉਸ ਤੋਂ ਅਗਲੇ ਹੀ ਦਿਨ ਅਫਸਰ ਦਾ ਟਰਾਂਸਫਰ ਕਰ ਦਿੱਤਾ ਗਿਆ।

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰੇਤ ਮਾਫੀਆ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਵਾਲ ਵੀ ਕੀਤੇ ਹਨ।ਕੇਜਰੀਵਾਲ ਨੇ ਕਿਹਾ ਕਿ ਚੰਨੀ ਸਾਬ੍ਹ ਦੇ ਅਪਣੇ ਹਲਕੇ ਵਿਚ ਇੰਨੀ ਵੱਡੀ ਰੇਤ ਚੋਰੀ ਕਿਵੇਂ ਹੋ ਸਕਦੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ।

ਕੇਜਰੀਵਾਲ ਨੇ ਟਵੀਟ ਕੀਤਾ ਹੈ ਕਿ ‘”ਚੰਨੀ ਸਾਬ੍ਹ ਦੇ ਅਪਣੇ ਹਲਕੇ ‘ਚ ਇੰਨੀ ਵੱਡੀ ਰੇਤ ਚੋਰੀ? ਕੀ ਇਹ ਸੁਰੱਖਿਆ ਜਾਂ ਭਾਈਵਾਲੀ ਤੋਂ ਬਿਨ੍ਹਾਂ ਸੰਭਵ ਹੈ? ਕਈ ਲੋਕਾਂ ਨੇ ਆਰੋਪ ਲਾਏ ਕਿ ਚੰਨੀ ਸਾਬ੍ਹ ਸਭ ਤੋਂ ਵੱਡੇ ਰੇਤ ਮਾਫੀਆ ਹਨ। ਮੈਂ ਯਕੀਨ ਨਹੀਂ ਕੀਤਾ ਪਰ ਅੱਜ ਚੰਨੀ ਸਾਬ੍ਹ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਕੀ ਕਾਂਗਰਸ ਕਾਰਵਾਈ ਕਰੇਗੀ?”

ਸਭ ਤੋਂ ਵੱਡਾ ਸਵਾਲ ਇਹ ਹੈ ਕਿ ਹਰੇਕ ਪਾਰਟੀ ਦੇ ਹਰੇਕ ਨੁਮਾਇੰਦੇ ਨੂੰ ਇਹ ਪਤਾ ਹੈ ਕਿ ਰੇਤ ਮਾਫੀਆ ਕਿੱਥੇ-ਕਿੱਥੇ ਹੁੰਦਾ ਹੈ ਤੇ ਇਹ ਪੰਜਾਬ ਨੂੰ ਖੋਰਾ ਕੌਣ ਲਾ ਰਿਹਾ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਕਿਸੇ ਵੀ ਪਾਰਟੀ ਦੇ ਕਿਸੇ ਵੀ ਨੁਮਾਇੰਦੇ ਨੇ ਆਪਣੀ ਇਮਾਨਦਾਰੀ ਦਾ ਸਬੂਤ ਦੇ ਕੇ ਇਸ ਮਾਫੀਏ ਨੂੰ ਨੱਥ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਚੋਣਾਂ ਦਾ ਦੌਰ ਹੈ, ਸਿਆਸੀ ਲੀਡਰ ਲੋਕਾਂ ਨੂੰ ਆਪਣੇ ਹੱਕ ਵਿਚ ਕਰਨ ਤੇ ਰੱਖਣ ਲਈ ਹੁਣ ਰੇਤ ਮਾਫੀਆ ਉੱਤੇ ਸਵਾਲ ਵੀ ਕਰ ਰਹੇ ਹਨ ਤੇ ਸਰਕਾਰਾਂ ਨੂੰ ਘੇਰ ਵੀ ਰਹੇ ਹਨ, ਪਰ ਵੇਖਣਾ ਹੈ ਕਿ ਕੀ 2022 ਦੀਆਂ ਚੋਣਾਂ ਤੋਂ ਬਾਅਦ ਕਿਹੜਾ ਸਿਆਸੀ ਬਾਈ ਰੇਤ ਮਾਫੀਆ ਦੇ ਖਿਲਾਫ ਪੱਕਾ ਝੰਡਾ ਚੁੱਕ ਕੇ ਪੰਜਾਬ ਨੂੰ ਬਚਾਉਣ ਦੀ ਪਹਿਲ ਕਰਦਾ ਹੈ।