India Technology

ਮੋਦੀ ਸਰਕਾਰ ਨੇ ਲਿਆ U-Turn! ਹੁਣ ਫੋਨਾਂ ਵਿੱਚ ਪ੍ਰੀਇੰਸਟਾਲ ਨਹੀਂ ਮਿਲੇਗੀ ‘ਸੰਚਾਰ ਸਾਥੀ’ ਐਪ

ਬਿਊਰੋ ਰਿਪੋਰਟ (3 ਦਸੰਬਰ 2025): ਕੇਂਦਰ ਸਰਕਾਰ ਨੇ ਮੋਬਾਈਲ ਫੋਨਾਂ ’ਤੇ ‘ਸੰਚਾਰ ਸਾਥੀ’ ਐਪ ਦੀ ਪ੍ਰੀ-ਇੰਸਟਾਲੇਸ਼ਨ (ਪਹਿਲਾਂ ਤੋਂ ਡਾਊਨਲੋਡ) ਦੇ ਫ਼ੈਸਲੇ ਨੂੰ ਵਾਪਸ ਲੈ ਲਿਆ ਹੈ। ਟੈਲੀਕਾਮ ਵਿਭਾਗ (Telecom Department) ਨੇ ਦੱਸਿਆ ਕਿ ਸੰਚਾਰ ਸਾਥੀ ਐਪ ਦੀ ਵੱਧ ਰਹੀ ਪ੍ਰਸਿੱਧੀ ਨੂੰ ਦੇਖਦੇ ਹੋਏ, ਸਰਕਾਰ ਨੇ ਮੋਬਾਈਲ ਬਣਾਉਣ ਵਾਲੀਆਂ ਕੰਪਨੀਆਂ ਲਈ ਇਸ ਨੂੰ ਪਹਿਲਾਂ ਤੋਂ ਇੰਸਟਾਲ ਕਰਨ ਦੀ ਲਾਜ਼ਮੀਅਤਾ ਖ਼ਤਮ ਕਰ ਦਿੱਤੀ ਹੈ।

ਟੈਲੀਕਾਮ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਬੁੱਧਵਾਰ ਦੁਪਹਿਰ 12 ਵਜੇ ਤੱਕ ਇਸ ਐਪ ਦੇ 1.40 ਕਰੋੜ ਡਾਊਨਲੋਡ ਹੋ ਚੁੱਕੇ ਹਨ। ਪਿਛਲੇ ਦੋ ਦਿਨਾਂ ਵਿੱਚ ਆਪਣੀ ਮਰਜ਼ੀ ਨਾਲ ਐਪ ਡਾਊਨਲੋਡ ਕਰਨ ਵਾਲਿਆਂ ਦੀ ਗਿਣਤੀ ਵਿੱਚ 10 ਗੁਣਾ ਵਾਧਾ ਦਰਜ ਕੀਤਾ ਗਿਆ ਹੈ।

ਸਿੰਧੀਆ ਨੇ ਲੋਕ ਸਭਾ ਵਿੱਚ ਦਿੱਤਾ ਜਵਾਬ

ਉੱਧਰ, ਕੇਂਦਰੀ ਸੰਚਾਰ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਕਿਹਾ ਕਿ ਸੰਚਾਰ ਸਾਥੀ ਐਪ ਰਾਹੀਂ ਜਾਸੂਸੀ ਕਰਨਾ ਨਾ ਤਾਂ ਸੰਭਵ ਹੈ ਅਤੇ ਨਾ ਹੀ ਜਾਸੂਸੀ ਹੋਵੇਗੀ। ਕਾਂਗਰਸ ਨੇਤਾ ਦੀਪੇਂਦਰ ਸਿੰਘ ਹੁੱਡਾ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸਿੰਧੀਆ ਨੇ ਕਿਹਾ ਕਿ ਫੀਡਬੈਕ ਦੇ ਆਧਾਰ ’ਤੇ ਮੰਤਰਾਲੇ ਨੇ ਐਪ ਨੂੰ ਇੰਸਟਾਲ ਕਰਨ ਦੇ ਪਹਿਲੇ ਹੁਕਮਾਂ ਵਿੱਚ ਬਦਲਾਅ ਕੀਤਾ ਹੈ।

‘ਸੰਚਾਰ ਸਾਥੀ’ ਐਪ ਨੂੰ ਲੈ ਕੇ ਪੂਰਾ ਵਿਵਾਦ 28 ਨਵੰਬਰ ਨੂੰ ਸ਼ੁਰੂ ਹੋਇਆ ਸੀ, ਜਦੋਂ ਦੂਰਸੰਚਾਰ ਵਿਭਾਗ (DoT) ਨੇ ਸਾਰੇ ਮੋਬਾਈਲ ਫੋਨ ਨਿਰਮਾਤਾਵਾਂ ਨੂੰ ਇੱਕ ਆਦੇਸ਼ ਜਾਰੀ ਕੀਤਾ ਸੀ। ਇਸ ਵਿੱਚ ਕੰਪਨੀਆਂ ਲਈ ਭਾਰਤ ਵਿੱਚ ਵੇਚੇ ਜਾਣ ਵਾਲੇ ਸਾਰੇ ਨਵੇਂ ਮੋਬਾਈਲ ਫੋਨਾਂ ਦੇ ਨਾਲ-ਨਾਲ ਮੌਜੂਦਾ ਹੈਂਡਸੈੱਟਾਂ ਵਿੱਚ ਵੀ ਸਾਫਟਵੇਅਰ ਅਪਡੇਟ ਰਾਹੀਂ ਐਪ ਇੰਸਟਾਲ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਸੀ।