‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ 32 ਕਿਸਾਨ ਜਥੇਬੰਦੀਆਂ ਨੇ ਇੱਕ ਅਹਿਮ ਮੀਟਿੰਗ ਕਰਕੇ ਕਈ ਅਹਿਮ ਫੈਸਲੇ ਕੀਤੇ ਹਨ। ਕਿਸਾਨ ਲੀਡਰਾਂ ਨੇ ਐਲਾਨ ਕੀਤਾ ਕਿ ਕੱਲ੍ਹ ਕਿਸਾਨ ਸੰਸਦ ਵਿੱਚ ਬੀਬੀਆਂ ਦਾ ਜਥਾ ਜਾਵੇਗਾ। ਕਿਸਾਨ ਮੋਰਚੇ ਦੀਆਂ ਸਾਰੀਆਂ ਔਰਤਾਂ ਨੇ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਦੇ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਇਨ੍ਹਾਂ ਬੀਬੀਆਂ ਵਿੱਚੋਂ ਹੀ ਕਿਸਾਨ ਸੰਸਦ ਲਈ ਮੈਂਬਰ ਚੁਣੇ ਜਾਣਗੇ। 100 ਬੀਬੀਆਂ ਪੰਜਾਬ ਤੋਂ ਅਤੇ 100 ਬੀਬੀਆਂ ਬਾਕੀ ਸੂਬਿਆਂ ਤੋਂ ਜਾਣਗੀਆਂ। ਸਾਡੀਆਂ ਬੀਬੀਆਂ ਦਾ ਕੱਲ੍ਹ ਕਿਸਾਨ ਸੰਸਦ ਲਈ ਏਜੰਡਾ ‘ਜ਼ਰੂਰੀ ਵਸਤਾਂ ਦੇ ਕਾਨੂੰਨ ਵਿੱਚ ਕੀਤੀਆਂ ਹੋਈਆਂ ਸੋਧਾਂ’ ਨੂੰ ਲੈ ਕੇ ਹੈ। ਪਰਸੋਂ ਵੀ ਇਸੇ ਮੁੱਦੇ ‘ਤੇ ਬਹਿਸ ਹੋਵੇਗੀ। ਕਿਸਾਨ ਸੰਸਦ ਵਿੱਚ ਸਾਡੇ ਜੋ ਵੀ ਪ੍ਰਬੰਧ ਪੂਰੇ ਨਹੀਂ ਹਨ, ਉਨ੍ਹਾਂ ਨੂੰ ਅਸੀ ਜਲਦੀ ਪੂਰਾ ਕਰਾਂਗੇ।
ਰੁਲਦੂ ਸਿੰਘ ਮਾਨਸਾ ਨੇ 21 ਜੁਲਾਈ ਨੂੰ ਸਟੇਜ ‘ਤੇ ਇੱਕ ਭੜਕਾਊ ਭਾਸ਼ਣ ਦਿੱਤਾ ਸੀ। ਉਸ ਵਿੱਚ ਉਹ ਸਿੱਖਾਂ ਤੇ ਸ਼ਹੀਦਾਂ ਦੇ ਖਿਲਾਫ ਬੋਲੇ ਸੀ। ਇਸ ਕਰਕੇ ਉਨ੍ਹਾਂ ਨੂੰ 15 ਦਿਨਾਂ ਦੇ ਲਈ ਸਸਪੈਂਡ ਕੀਤਾ ਗਿਆ ਹੈ। ਉਹ 15 ਦਿਨਾਂ ਦੇ ਲਈ ਕੋਈ ਸਟੇਜ ਸਾਂਝੀ ਨਹੀਂ ਕਰਨਗੇ, ਕੋਈ ਪ੍ਰੈੱਸ ਕਾਨਫਰੰਸ ਕਰਨਗੇ ਅਤੇ ਨਾ ਹੀ ਕੋਈ ਮੀਟਿੰਗ ਕਰਨਗੇ ਤੇ ਨਾ ਹੀ ਕਿਸੇ ਚੈਨਲ ਨੂੰ ਕੋਈ ਬਾਈਟ (ਬਿਆਨ) ਦੇਣਗੇ। ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਰੁਲਦੂ ਸਿੰਘ ਮਾਨਸਾ ਨੂੰ 15 ਦਿਨਾਂ ਦੇ ਲਈ ਸਸਪੈਂਡ ਕਰਨ ਦਾ ਫੈਸਲਾ ਸਾਰੀਆਂ ਜਥੇਬੰਦੀਆਂ ਨੇ ਲਿਆ ਹੈ, ਕਿਸੇ ਇੱਕ ਨੇ ਇਹ ਫੈਸਲਾ ਨਹੀਂ ਲਿਆ ਹੈ।
22 ਜੁਲਾਈ ਤੋਂ ਮੌਨਸੂਨ ਸੈਸ਼ਨ ਦੌਰਾਨ ਸੰਸਦ ਵਿੱਚ ਜੋ ਸੰਸਦ ਮੈਂਬਰ ਖੇਤੀ ਕਾਨੂੰਨਾਂ ਦੇ ਖਿਲਾਫ ਬੋਲੇ ਹਨ, ਉਹ ਬਿਲਕੁਲ ਠੀਕ ਹੈ ਪਰ ਜੋ ਸੰਸਦ ਮੈਂਬਰ ਖੇਤੀ ਕਾਨੂੰਨਾਂ ਦੇ ਖਿਲਾਫ ਨਹੀਂ ਬੋਲੇ, ਉਨ੍ਹਾਂ ਦਾ ਲੇਖਾ-ਜੋਖਾ ਕੀਤਾ ਜਾਵੇਗਾ। ਕਿਸਾਨ ਲੀਡਰਾਂ ਨੇ ਸੰਸਦ ਮੈਂਬਰਾਂ ਨੂੰ ਇੱਕ ਵਾਰ ਫਿਰ ਕਿਹਾ ਕਿ ਸਾਰੇ ਸੰਸਦ ਮੈਂਬਰ ਸੰਸਦ ਵਿੱਚ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਅਤੇ ਸੰਸਦ ਦਾ ਬਾਈਕਾਟ ਨਾ ਕਰਨ।
ਕਿਸਾਨ ਲੀਡਰਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਸਿੱਧੇ ਹੱਥੀਂ ਲੈਂਦਿਆਂ ਕਿਹਾ ਕਿ ਸੰਸਦ ਦੇ ਕੰਮ ਵਾਲੇ ਦਿਨ ਸਿੱਧੂ ਨੇ ਆਪਣਾ ਤਾਜਪੋਸ਼ੀ ਦਾ ਸਮਾਗਮ ਰੱਖਿਆ। ਜਦੋਂ ਇਹ ਸੰਸਦ ਮੈਂਬਰ ਪਿੰਡਾਂ ਵਿੱਚ ਜਾਣਗੇ ਤਾਂ ਪਿੰਡਾਂ ਦੇ ਲੋਕ ਆਪੇ ਇਨ੍ਹਾਂ ਤੋਂ ਇਸਦਾ ਜਵਾਬ ਲੈ ਲੈਣਗੇ। ਉਨ੍ਹਾਂ ਸਿੱਧੂ ਦੇ ਉਸ ਬਿਆਨ ਦੀ ਵੀ ਨਿਖੇਧੀ ਕੀਤੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਪਿਆਸਾ ਖੂਹ ਦੇ ਕੋਲ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਸਮਾਂ ਆਉਣ ‘ਤੇ ਪਤਾ ਲੱਗੇਗਾ। ਇਹ ਰਾਜਨੀਤਿਕ ਬਿਆਨਬਾਜ਼ੀਆਂ ਕਰਨੀਆਂ ਬਿਲਕੁਲ ਠੀਕ ਨਹੀਂ ਹੈ।