‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਦੇ ਕੌਮੀ ਸੱਦੇ ‘ਤੇ ਅੱਜ ਕਿਸਾਨਾਂ ਨੇ ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ਨੂੰ ‘ਸੰਵਿਧਾਨ ਬਚਾਓ ਦਿਵਸ’ ਵਜੋਂ ਮਨਾਇਆ। ਕਿਸਾਨ ਲੀਡਰਾਂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਸੰਵਿਧਾਨ ਵਿੱਚ ਸੋਧ ਦੇ ਨਾਮ ‘ਤੇ ਬਹੁਤ ਸਾਰੀਆਂ ਹੇਰਾ-ਫੇਰੀਆਂ ਕਰ ਰਹੀਆਂ ਹਨ , ਜੋ ਕਿ ਆਰਥਿਕਤਾ ਅਤੇ ਸਮਾਜ, ਦੋਵਾਂ ਲਈ ਖ਼ਤਰਨਾਕ ਹੈ। ਖੇਤੀਬਾੜੀ ਸੂਬਾ ਸਰਕਾਰ ਦਾ ਵਿਸ਼ਾ ਹੈ, ਕੇਂਦਰ ਸਰਕਾਰ ਦੁਆਰਾ ਇਹ ਕਾਨੂੰਨ ਬਣਾਉਣਾ ਨਿਸ਼ਚਿਤ ਤੌਰ ‘ਤੇ ਗੈਰ-ਸੰਵਿਧਾਨਕ ਕਦਮ ਹੈ।
ਅੱਜ ਸੰਯੁਕਤ ਕਿਸਾਨ ਮੋਰਚਾ ਵੱਲੋਂ ‘ਕਿਸਾਨ ਬਹੁਜਨ ਏਕਤਾ ਦਿਵਸ’ ਵੀ ਮਨਾਇਆ ਗਿਆ। ਕਿਸਾਨ ਲੀਡਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਦੇ ਸਮੇਂ ਬਿਨਾਂ ਕਿਸੇ ਗੱਲਬਾਤ ਅਤੇ ਮੰਗ ਦੇ ਤਿੰਨ ਖੇਤੀਬਾੜੀ ਕਾਨੂੰਨ ਲਾਗੂ ਕੀਤੇ ਗਏ ਸਨ।
ਹਰਿਆਣਾ ਦੇ ਅਨੁਸੂਚਿਤ ਜਾਤੀ ਸੰਗਠਨਾਂ ਨੇ ਟਿਕਰੀ ਬਾਰਡਰ ‘ਤੇ ਪਹੁੰਚ ਕੇ ਕਿਸਾਨਾਂ ਦੇ ਧਰਨਿਆਂ ਨੂੰ ਹੋਰ ਮਜ਼ਬੂਤ ਕਰਨ ਦਾ ਫ਼ੈਸਲਾ ਕੀਤਾ ਹੈ। ਪ੍ਰਗਤੀਸ਼ੀਲ ਲੀਡਰ ਚੰਦਰਸ਼ੇਖਰ ਆਜ਼ਾਦ ਨੇ ਗਾਜ਼ੀਪੁਰ ਬਾਰਡਰ ਅਤੇ ਸਿੰਘੂ ਬਾਰਡਰ ‘ਤੇ ਪਹੁੰਚ ਕੇ ਸਾਂਝੇ ਸੰਘਰਸ਼ ਦੀ ਮੰਗ ਕੀਤੀ।