Punjab Religion

ਪਰਸੋਂ ਨੂੰ ਸਮਾਪਤ ਹੋਵੇਗਾ ਸਮਾਣਾ ਟਾਵਰ ਮੋਰਚਾ, 18 ਮਹੀਨਿਆਂ ਬਾਅਦ ਟਾਵਰ ਤੋਂ ਉਤਰਨਗੇ ਗੁਰਜੀਤ ਸਿੰਘ ਖ਼ਾਲਸਾ

ਪਟਿਆਲਾ ਜ਼ਿਲ੍ਹੇ ਦੇ ਸਮਾਣਾ ਵਿਖੇ ਚੱਲ ਰਿਹਾ ਟਾਵਰ ਮੋਰਚਾ ਹੁਣ ਆਪਣੇ ਅੰਤਿਮ ਪੜਾਅ ’ਚ ਪਹੁੰਚ ਗਿਆ ਹੈ। ਪੰਜਜਾਬ ਸਰਕਾਰ ਵੱਲੋਂ ਬੇਅਦਬੀ ਖ਼ਿਲਾਫ਼ ਕਾਨੂੰਨ ਬਣਾਉਣ ਤੋਂ ਬਾਅਦ ਮੋਰਚੇ ਦੇ ਆਗੂਆਂ ਵੱਲੋਂ ਜਿੱਤ ਦਾ ਐਲਾਨ ਕਰਦੇ ਹੋਏ ਦੱਸਿਆ ਗਿਆ ਹੈ ਕਿ ਪਰਸੋਂ ਇਹ ਮੋਰਚਾ ਸਮਾਪਤ ਕੀਤਾ ਜਾਵੇਗਾ। ਇਸ ਮੌਕੇ ਅੱਜ ਮੋਰਚੇ ’ਤੇ ਸ੍ਰੀ ਅਖੰਡ ਪਾਠ ਸਾਹਿਬ ਦਾ ਅਰੰਭ ਕਰਵਾਇਆ ਗਿਆ ਹੈ, ਜਿਸ ਦੇ ਭੋਗ 24 ਅਪ੍ਰੈਲ ਨੂੰ ਪਾਏ ਜਾਣਗੇ। ਇਸ ਧਾਰਮਿਕ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਕਰੀਬ 18 ਮਹੀਨਿਆਂ ਤੋਂ ਟਾਵਰ ਉੱਤੇ ਡਟੇ ਬੈਠੇ ਗੁਰਜੀਤ ਸਿੰਘ ਖ਼ਾਲਸਾ ਵੀ ਹੁਣ ਹੇਠਾਂ ਉਤਰਣਗੇ। ਗੁਰਜੀਤ ਸਿੰਘ ਖ਼ਾਲਸਾ ਲੰਮੇ ਸਮੇਂ ਤੋਂ ਟਾਵਰ ਉੱਤੇ ਚੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਲੈ ਕੇ ਕਾਨੂੰਨ ਬਣਾਉਣ ਲਈ ਸੰਘਰਸ਼ ਕਰ ਰਹੇ ਸਨ ਅਤੇ ਉਨ੍ਹਾਂ ਦੇ ਇਸ ਅਡੋਲ ਹੌਸਲੇ ਨੇ ਮੋਰਚੇ ਨੂੰ ਵੱਡੀ ਪਛਾਣ ਦਿੱਤੀ ਹੈ। ਮੋਰਚਾ ਸਮਾਪਤ ਹੋਣ ਮਗਰੋਂ ਉਨ੍ਹਾਂ ਦੇ ਟਾਵਰ ਤੋਂ ਹੇਠਾਂ ਉਤਰਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਹਾਲਾਂਕਿ ਮੋਰਚਾ ਆਗੂਆਂ ਦਾ ਕਹਿਣਾ ਹੈ ਕਿ ਗੁਰਜੀਤ ਸਿੰਘ ਖ਼ਾਲਸਾ ਨੂੰ ਸੁਰੱਖਿਅਤ ਤਰੀਕੇ ਨਾਲ ਹੇਠਾਂ ਲਿਆਉਣ ਲਈ ਪ੍ਰਸ਼ਾਸਨ ਵੱਲੋਂ ਫਿਲਹਾਲ ਕੋਈ ਖਾਸ ਸਹਿਯੋਗ ਨਹੀਂ ਦਿੱਤਾ ਗਿਆ। ਇਸ ਕਾਰਨ ਮੋਰਚਾ ਪ੍ਰਬੰਧਕਾਂ ਨੂੰ ਖੁਦ ਹੀ ਇੰਤਜ਼ਾਮ ਕਰਨੇ ਪੈ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਬਿਨਾਂ ਕਿਸੇ ਖਤਰੇ ਦੇ ਹੇਠਾਂ ਲਿਆਇਆ ਜਾ ਸਕੇ।

ਮੋਰਚਾ ਆਗੂਆਂ ਨੇ ਕਿਹਾ ਕਿ ਲੰਮੇ ਸਮੇਂ ਤੱਕ ਚੱਲੇ ਇਸ ਸੰਘਰਸ਼ ਦੌਰਾਨ ਸੰਗਤਾਂ ਅਤੇ ਲੋਕਾਂ ਵੱਲੋਂ ਮਿਲੇ ਸਹਿਯੋਗ ਲਈ ਉਹ ਧੰਨਵਾਦੀ ਹਨ। ਉਨ੍ਹਾਂ ਆਸ ਜਤਾਈ ਕਿ ਮੋਰਚੇ ਦੀ ਸਮਾਪਤੀ ਵੀ ਸ਼ਾਂਤੀਪੂਰਵਕ ਢੰਗ ਨਾਲ ਹੋਵੇਗੀ।