‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੁਰਾਣੀ ਕਹਾਵਤ ਹੈ ਕਿ ਕੋਈ ਨਾਈ ਕੋਲ ਵਾਲ ਕਟਵਾਉਣ ਗਿਆ ਤਾਂ ਵਾਰ ਵਾਰ ਇਹੀ ਪੁੱਛੀ ਜਾਵੇ ਕਿ ਕਿੰਨੇ ਕੁ ਰਹਿ ਗਏ ਸਿਰ ‘ਤੇ ਤਾਂ ਅੱਗੋਂ ਵਾਲ ਕੱਟਣ ਵਾਲੇ ਨੇ ਕਿਹਾ ਕਿ ਜਜਮਾਨ ਸਬਰ ਰੱਖੋ, ਤੁਹਾਡੇ ਮੂਹਰੇ ਹੀ ਆ ਜਾਣੇ ਨੇ। ਪਰ ਜਰਾ ਸੋਚ ਕੇ ਵੇਖੋ ਅੱਗੇ ਪਏ ਵਾਲ ਦੇਖ ਕੇ ਕਿਸੇ ਮਾਡਲ ਦਾ ਪਾਰਾ ਚੜ੍ਹ ਜਾਵੇ ਤੇ ਉਹ ਸਲੂਨ ਮਾਲਿਕ ਉੱਤੇ ਕੇਸ ਠੋਕ ਦੇਵੇ ਤਾਂ ਕੀ ਬਣੇਗਾ। ਬਣੇਗਾ ਕਿ ਨਹੀਂ ਕੁੱਝ ਇਹ ਤਾਂ ਨਹੀਂ ਪਤਾ ਪਰ ਜਿਸ ਮਾਮਲੇ ਦੀ ਅਸੀਂ ਚਰਚਾ ਕਰਨ ਲੱਗੇ ਹਾਂ, ਉਸਦੇ ਸਲੂਕ ਮਾਲਕ ਨੂੰ ਜਰੂਰ ਕੋਰਟ ਦਾ ਆਰਡਰ ਪੜ੍ਹ ਕੇ ਦੰਦਲ ਪੈ ਗਈ ਹੈ।
ਜਾਣਕਾਰੀ ਮੁਤਾਬਿਕ ਕੌਮੀ ਗਾਹਕ ਝਗੜਾ ਨਿਵਾਰਣ ਕਮਿਸ਼ਨ ਨੇ ਇੱਕ ਮਹਿਲਾ ਮਾਡਲ ਨੂੰ ਸਲੂਨ ਮਾਲਿਕ ਤੋਂ ਦੋ ਕਰੋੜ ਰੁਪਏ ਦਾ ਹਰਜਾਨਾ ਦਵਾਇਆ ਹੈ। ਮਾਮਲਾ ਤਿੰਨ ਸਾਲ ਪੁਰਾਣਾ ਹੈ ਤੇ ਆਟੀਸੀ ਮੌਰਿਆ ਦੇ ਸਲੂਨ ਦੇ ਕਰਮਚਾਰੀਆਂ ਨਾਲ ਜੁੜਿਆ ਹੈ। ਹਰਜਾਨਾ ਪਾਉਣ ਵਾਲੀ ਇਹ ਮਾਡਲ ਕਈ ਵੱਡੇ ਬਰਾਂਡਾਂ ਲਈ ਮਸ਼ਹੂਰੀਆਂ ਕਰਦੀ ਹੈ, ਜਿਨ੍ਹਾਂ ਵਿੱਚ ਵੀਐੱਲਸੀਸੀ ਅਤੇ ਪੈਂਟੀਨ ਵੀ ਸ਼ਾਮਲ ਹਨ। ਉਸਨੇ ਇਲਜ਼ਾਮ ਲਗਾਇਆ ਹੈ ਕਿ ਉਸ ਦੇ ਵਾਲ ਗਲਤ ਤਰੀਕੇ ਨਾਲ ਕੱਟੇ ਗਏ ਹਨ ਤੇ ਉਸ ਨਾਲ ਬੁਰਾ ਵਰਤਾਓ ਵੀ ਕੀਤਾ ਗਿਆ ਹੈ।
ਬੀਬੀਸੀ ਦੀ ਖਬਰ ਮੁਤਾਬਿਕ ਮਾਡਲ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਕੁੜੀਆਂ ਆਪਣੇ ਵਾਲਾਂ ਨੂੰ ਲੈ ਕੇ ਬਹੁਤ ਭਾਵੁਕ ਹੁੰਦੀਆਂ ਹਨ ਤੇ ਇਸੇ ਦੇ ਆਸਰੇ ਉਹ ਮਾਡਲਿੰਗ ਕਰਦੀ ਸੀ। ਉਨ੍ਹਾਂ ਨੇ ਵੀਐੱਲਸੀਸੀ ਅਤੇ ਪੈਂਟੀਨ ਲਈ ਮਾਡਲਿੰਗ ਕੀਤੀ ਹੈ। ਪਰ ਦੂਜੀ ਧਿਰ (ਆਈਟੀਸੀ ਹੋਟਲ ਲਿਮਟਿਡ) ਵੱਲੋਂ ਉਨ੍ਹਾਂ ਦੀਆਂ ਹਦਾਇਤਾਂ ਦੇ ਉਲਟ ਵਾਲ ਕੱਟਣ ਕਾਰਨ ਉਨ੍ਹਾਂ ਦੇ ਸੰਭਾਵੀ ਕੰਮ ਦਾ ਨੁਕਸਾਨ ਹੋਇਆ ਹੈ। ਇਸ ਨਾਲ ਉਸਦਾ ਵੱਡੀ ਮਾਡਲ ਬਣਨ ਦਾ ਸੁਪਨਾ ਵੀ ਖਤਮ ਹੋਇਆ ਹੈ।
ਕੋਰਟ ਨੇ ਜੋ ਹੁਕਮ ਜਾਰੀ ਕੀਤੇ ਸਨ ਉਨ੍ਹਾਂ ਅਨੁਸਾਰ ਇੱਕ ਇੰਟਰਵਿਊ ਤੋਂ ਪਹਿਲਾਂ ਇਹ ਮਾਡਲ 12 ਅਪ੍ਰੈਲ, 2018 ਨੂੰ ਹੋਟਲ ਆਈਟੀਸੀ ਮੌਰਿਆ ਵਿੱਚ ਵਾਲ ਕਟਵਾਉਣ ਗਈ ਸੀ। ਪਰ ਬਦਕਿਸਮਤੀ ਨਾਲ ਜੋ ਬੰਦਾ ਹਮੇਸ਼ਾ ਵਾਲ ਕੱਟਦਾ ਸੀ ਉਹ ਉਸ ਦਿਨ ਮੌਜੂਦ ਨਹੀਂ ਸੀ। ਉਸ ਬਦਲੇ ਜਿਹੜਾ ਬੰਦਾ ਵਾਲ ਕੱਟਣ ਲਈ ਦਿੱਤਾ ਗਿਆ, ਉਸਨੇ ਕਿਹਾ ਸੀ ਕਿ ਉਸਦੀ ਮਰਜੀ ਅਨੁਸਾਰ ਹੀ ਕਟਿੰਗ ਹੋਵੇਗੀ, ਪਰ ਜਦੋਂ ਵਾਲ ਕੱਟੇ ਗਏ ਤਾਂ ਉਹ ਹੈਰਾਨ ਰਹਿ ਗਈ। ਉਸਨੇ ਵਾਲ ਖਰਾਬ ਕਰਨ ਦੀ ਸ਼ਿਕਾਇਤ ਕੀਤੀ ਤੇ ਅਖੀਰ ਮਾਮਲਾ ਵਧਦਾ ਦੇਖ ਕੇ ਝਗੜਾ ਨਿਵਾਰਣ ਫੋਰਮ ਕੋਲ ਜਾਣਾ ਪਿਆ। ਉਸਨੇ ਦਾਅਵਾ ਕੀਤਾ ਕਿ ਖਰਾਬ ਵਾਲਾਂ ਕਾਰਨ ਉਸਦਾ ਤਕੜਾ ਨੁਕਸਾਨ ਹੋਇਆ ਹੈ।