ਬਿਉਰੋ ਰਿਪੋਰਟ: NCP ਅਜੀਤ ਪਵਾਰ ਧੜੇ ਦੇ ਨੇਤਾ ਅਤੇ ਮਹਾਰਾਸ਼ਟਰ ਸਰਕਾਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਸ਼ਨੀਵਾਰ ਰਾਤ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਵਿੱਚ ਗੈਂਗਸਟਰ ਲਾਰੈਂਸ ਗੈਂਗ ਦੇ ਸ਼ਾਮਲ ਹੋਣ ਦਾ ਸ਼ੱਕ ਹੈ। ਲਾਰੈਂਸ ਗੈਂਗ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਅਦਾਕਾਰ ਸਲਮਾਨ ਖਾਨ ਦੇ ਬਾਂਦਰਾ ਸਥਿਤ ਗਲੈਕਸੀ ਅਪਾਰਟਮੈਂਟ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਦੀ ਵਾਧੂ ਟੀਮ ਤਾਇਨਾਤ ਕੀਤੀ ਗਈ ਹੈ। ਲਾਰੈਂਸ ਗੈਂਗ ਨੇ 14 ਅਪ੍ਰੈਲ ਨੂੰ ਸਲਮਾਨ ਦੇ ਘਰ ਦੇ ਬਾਹਰ ਵੀ ਗੋਲ਼ੀਬਾਰੀ ਕੀਤੀ ਸੀ।
ਸਿਆਸੀ ਮੁੱਦਿਆਂ ਤੋਂ ਦੂਰ ਰਹਿਣ ਵਾਲੇ ਜ਼ਿਆਦਾਤਰ ਲੋਕ ਬਾਬਾ ਸਿੱਦੀਕੀ ਨੂੰ ਉਨ੍ਹਾਂ ਦੀਆਂ ਇਫਤਾਰ ਪਾਰਟੀਆਂ ਲਈ ਜਾਣਦੇ ਸਨ। ਮੁੰਬਈ ’ਚ ਹਰ ਸਾਲ ਰਮਜ਼ਾਨ ਦੇ ਮੌਕੇ ’ਤੇ ਆਯੋਜਿਤ ਇਸ ਪਾਰਟੀ ਦੀ ਖਾਸ ਗੱਲ ਇੱਥੇ ਪਹੁੰਚੇ ਸੈਲੇਬਸ ਹੁੰਦੇ ਸਨ। ਪਾਰਟੀ ਰੈੱਡ ਕਾਰਪੇਟ ’ਤੇ ਹਰ ਛੋਟੇ-ਵੱਡੇ ਸੈਲੇਬਸ ਦੀ ਮੌਜੂਦਗੀ ਕਾਰਨ ਸੁਰਖੀਆਂ ’ਚ ਰਹਿੰਦੀ ਸੀ। ਬਹੁਤ ਘੱਟ ਲੋਕ ਜਾਣਦੇ ਹਨ ਕਿ ਇਹੀ ਪਾਰਟੀ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਵਿਚਾਲੇ ਸਾਲਾਂ ਤੋਂ ਚੱਲ ਰਹੇ ਝਗੜੇ ਨੂੰ ਖ਼ਤਮ ਕਰਨ ਦਾ ਕਾਰਨ ਸੀ।