India Manoranjan

ਸਲਮਾਨ ਖ਼ਾਨ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ! 2 ਕਰੋੜ ਦੀ ਮੰਗੀ ਫਿਰੌਤੀ

ਬਿਉਰੋ ਰਿਪੋਰਟ: ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਵਾਰ ਧਮਕੀ ਦੇਣ ਵਾਲੇ ਵਿਅਕਤੀ ਨੇ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਮੁੰਬਈ ਟ੍ਰੈਫਿਕ ਪੁਲਿਸ ਨੂੰ ਮਿਲੀ ਇਸ ਧਮਕੀ ਵਿੱਚ ਕਿਹਾ ਗਿਆ ਹੈ ਕਿ ਜੇ ਪੈਸੇ ਨਾ ਦਿੱਤੇ ਗਏ ਤਾਂ ਸਲਮਾਨ ਦੀ ਜਾਨ ਲੈ ਲਈ ਜਾਵੇਗੀ। ਮੈਸੇਜ ਮਿਲਣ ਤੋਂ ਬਾਅਦ ਵਰਲੀ ’ਚ ਮੌਜੂਦ ਅਧਿਕਾਰੀਆਂ ਨੇ ਸੰਦੇਸ਼ ਭੇਜਣ ਵਾਲੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

5 ਦਿਨ ਪਹਿਲਾਂ 25 ਅਕਤੂਬਰ ਨੂੰ ਵੀ ਸਲਮਾਨ ਨੂੰ ਇਸੇ ਤਰ੍ਹਾਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਮੁਲਜ਼ਮ ਨੂੰ ਮੁੰਬਈ ਪੁਲਿਸ ਨੇ ਮੰਗਲਵਾਰ ਨੂੰ ਨੋਇਡਾ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ ਦੀ ਪਛਾਣ ਮੁਹੰਮਦ ਤਈਅਬ (20) ਵਜੋਂ ਹੋਈ ਹੈ। ਏਸੀਪੀ ਨੋਇਡਾ ਪ੍ਰਵੀਨ ਕੁਮਾਰ ਸਿੰਘ ਨੇ ਦੱਸਿਆ- ਮੁਲਜ਼ਮਾਂ ਨੂੰ ਸੂਰਜਪੁਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਥੋਂ ਮੁੰਬਈ ਪੁਲਿਸ ਉਸ ਨੂੰ ਟਰਾਂਜ਼ਿਟ ਰਿਮਾਂਡ ’ਤੇ ਲੈ ਜਾਵੇਗੀ।

ਤਈਅਬ ਨੇ 25 ਅਕਤੂਬਰ ਦੀ ਸ਼ਾਮ ਨੂੰ ਐਨਸੀਪੀ ਨੇਤਾ ਬਾਬਾ ਸਿੱਦੀਕੀ ਦੇ ਬੇਟੇ ਜ਼ੀਸ਼ਾਨ ਸਿੱਦੀਕੀ ਦੇ ਬਾਂਦਰਾ ਦਫ਼ਤਰ ਨੂੰ ਇੱਕ ਸੁਨੇਹਾ ਭੇਜਿਆ ਸੀ। ਇਸ ’ਚ ਸਲਮਾਨ ਖ਼ਾਨ ਅਤੇ ਜ਼ੀਸ਼ਾਨ ਨੂੰ ਫਿਰੌਤੀ ਨਾ ਦੇਣ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਜ਼ੀਸ਼ਾਨ ਦੇ ਇੱਕ ਕਰਮਚਾਰੀ ਨੇ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ ਸੀ।

ਸਲਮਾਨ ਨੂੰ ਧਮਕੀ ਦੇਣ ਦੇ ਮਾਮਲੇ ’ਚ ਮੁਲਜ਼ਮ ਨੂੰ ਝਾਰਖੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਇਸ ਤੋਂ ਪਹਿਲਾਂ ਵੀ ਬਾਬਾ ਸਿੱਦੀਕੀ ਦੇ ਕਤਲ ਦੇ 6 ਦਿਨ ਬਾਅਦ (12 ਅਕਤੂਬਰ) ਸਲਮਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਇਹ ਧਮਕੀ ਮੁੰਬਈ ਟਰੈਫਿਕ ਕੰਟਰੋਲ ਰੂਮ ਨੂੰ ਵਟਸਐਪ ਮੈਸੇਜ ਰਾਹੀਂ ਭੇਜੀ ਗਈ ਸੀ। ਧਮਕਾਉਣ ਵਾਲੇ ਨੇ ਲਾਰੈਂਸ ਗੈਂਗ ਦਾ ਮੈਂਬਰ ਹੋਣ ਦਾ ਦਾਅਵਾ ਕੀਤਾ ਹੈ।