India

3 ਵਾਰ ਹੋਈ ਸਲਮਾਨ ਖ਼ਾਨ ਦੇ ਘਰ ਦੀ ਰੇਕੀ, 5 ਗੋਲੀਆਂ ਚਲਾਈਆਂ

ਬਾਲੀਵੁੱਡ ਅਦਾਕਾਰ ਸਲਮਾਨ ਖਾਨ ( Salman Khan) ਦੇ ਘਰ ਦੀ ਤਿੰਨ ਵਾਰ ਰੇਕੀ ਕੀਤੀ ਗਈ ਅਤੇ ਪੰਜ ਗੋਲੀਆਂ ਚਲਾਈਆਂ ਗਈਆਂ। ਮੁੰਬਈ ਪੁਲਿਸ ਨੇ ਗੁਜਰਾਤ ਦੇ ਭੁਜ ਤੋਂ ਇਸ ਅਪਰਾਧ ‘ਚ ਸ਼ਾਮਲ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਮੁੰਬਈ ਸਥਿਤ ਘਰ ਨੇੜੇ ਹੋਈ ਗੋਲੀਬਾਰੀ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ।

ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਦੀ ਟੀਮ ਨੇ ਦੱਸਿਆ ਕਿ ਐਤਵਾਰ ਸਵੇਰੇ 4:55 ਵਜੇ ਇੱਕ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਮੁੰਬਈ ਦੇ ਬਾਂਦਰਾ ਸਥਿਤ ਗਲੈਕਸੀ ਅਪਾਰਟਮੈਂਟ ਦੇ ਬਾਹਰ ਪੰਜ ਰਾਉਂਡ ਫਾਇਰ ਕੀਤੇ, ਜਿਥੇ ਅਦਾਕਾਰ ਰਹਿੰਦਾ ਹੈ, ਅਤੇ ਮੌਕੇ ਤੋਂ ਫਰਾਰ ਹੋ ਗਏ।

ਮੁੰਬਈ ਕ੍ਰਾਈਮ ਬ੍ਰਾਂਚ ਦੇ ਜੁਆਇੰਟ ਸੀਪੀ ਲਖਮੀ ਗੌਤਮ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ “ਹੁਣ ਇਸ ਮਾਮਲੇ ‘ਚ ਧਾਰਾ 120ਬੀ ਵੀ ਜੋੜ ਦਿੱਤੀ ਗਈ ਹੈ। ਅਪਰਾਧ ਸ਼ਾਖਾ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ 12 ਟੀਮਾਂ ਬਣਾਈਆਂ ਸਨ। ਸਾਨੂੰ ਮਨੁੱਖੀ ਖੁਫੀਆ ਜਾਣਕਾਰੀ ਅਤੇ ਟੈਕਨੀਕਲ ਇੰਟੈਲੀਜੈਂਸ ਟੀਮ ਦੇ ਆਧਾਰ ‘ਤੇ ਗੁਜਰਾਤ ‘ਚ ਦੋਸ਼ੀਆਂ ਦੇ ਹੋਣ ਦੀ ਜਾਣਕਾਰੀ ਮਿਲੀ ਸੀ। ਜਿਸ ਤੋਂ ਪੁਲਿਸ ਟੀਮ ਨੂੰ ਉਥੇ ਭੇਜਿਆ ਗਿਆ। ਮੁਲਜ਼ਮਾਂ ਕੋਲ ਹਥਿਆਰ ਸਨ, ਇਸ ਲਈ ਭੁਜ ਪੁਲਿਸ ਨਾਲ ਵੀ ਸੰਪਰਕ ਕੀਤਾ ਗਿਆ ਅਤੇ ਉਨ੍ਹਾਂ ਦੀ ਮਦਦ ਨਾਲ ਮੁਲਜ਼ਮਾਂ ਨੂੰ ਕਾਬੂ ਕਰ ਕੇ ਲਿਆਂਦਾ ਗਿਆ। ਅਦਾਲਤ ਨੇ ਮੁਲਜ਼ਮਾਂ ਦਾ 25 ਅਪ੍ਰੈਲ ਤਕ ਦਾ ਰਿਮਾਂਡ ਦਿੱਤਾ ਹੈ।

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਸਾਗਰ ਪਾਲ ਪਹਿਲਾਂ ਦੋ ਸਾਲ ਹਰਿਆਣਾ ਵਿੱਚ ਕੰਮ ਕਰਦਾ ਸੀ। ਸ਼ੱਕ ਹੈ ਕਿ ਉਸ ਦੌਰਾਨ ਸਾਗਰ ਬਿਸ਼ਨੋਈ ਗੈਂਗ ਦੇ ਸੰਪਰਕ ਵਿੱਚ ਆਇਆ ਹੋ ਸਕਦਾ ਹੈ। ਵਿੱਕੀ ਗੁਪਤਾ (24) ਅਤੇ ਸਾਗਰ ਪਾਲ (21) ਦੋਵੇਂ ਵਾਸੀ ਬਿਹਾਰ ਦੇ ਸਨ। ਇਹ ਦੋਵੇਂ ਬਾਂਦਰਾ ਇਲਾਕੇ ਵਿੱਚ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ਤੋਂ ਬਾਅਦ ਫਰਾਰ ਹੋ ਗਏ ਸਨ। ਪੁਲਿਸ ਨੇ ਦੱਸਿਆ ਕਿ ਦੋਵਾਂ ਨੂੰ ਸੋਮਵਾਰ ਦੇਰ ਰਾਤ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਮਾਤਾ ਨੋ ਮਧ ਪਿੰਡ ਤੋਂ ਫੜਿਆ ਗਿਆ।

ਅਪਰਾਧ ਸ਼ਾਖਾ ਨੇ ਇਸ ਆਧਾਰ ‘ਤੇ ਦੋਵਾਂ ਵਿਅਕਤੀਆਂ ਦੀ 14 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਨੌਂ ਦਿਨਾਂ (25 ਅਪ੍ਰੈਲ ਤੱਕ) ਲਈ ਪੁਲਿਸ ਰਿਮਾਂਡ ’ਤੇ ਭੇਜ ਦਿਤਾ ਹੈ।

ਇਹ ਵੀ ਪੜ੍ਹੋ -ਦੋ ਵਾਰ ਟਿਕਟ ਕੱਟੇ ਜਾਣ ’ਤੇ ਭਾਵੁਕ ਹੋਏ ਵਿਜੇ ਸਾਂਪਲਾ, ਰਸਤਾ ਬਦਲਣ ਦੇ ਦਿੱਤੇ ਸੰਕੇਤ!