ਮੁੰਬਈ ਪੁਲਿਸ ਨੇ 14 ਅਪ੍ਰੈਲ ਨੂੰ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੇ ਘਰ ਗੋਲੀ ਦੇ ਮਾਮਲੇ ਵਿੱਚ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਰਿਸ਼ਤੇਦਾਰ ਅਨਮੋਲ ਬਿਸ਼ਨੋਈ ਲਈ ਲੁੱਕਆਊਟ ਨੋਟਿਸ (LOC) ਜਾਰੀ ਕਰ ਦਿੱਤਾ ਹੈ। ਮੁੰਬਈ ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਮੁੰਬਈ ਪੁਲਿਸ ਨੇ ਇਸ ਸਬੰਧੀ ਏਜੰਸੀਆਂ ਨਾਲ ਵੀ ਰਿਪੋਰਟ ਸਾਂਝੀ ਕੀਤੀ ਹੈ। ਅਨਮੋਲ ਬਿਸ਼ਨੋਈ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਛੋਟਾ ਭਰਾ ਹੈ।
ਇਸ ਤੋਂ ਪਹਿਲਾਂ ਮੁੰਬਈ ਦੀ ਕ੍ਰਾਈਮ ਬ੍ਰਾਂਚ ਨੇ ਬੀਤੇ ਦਿਨੀਂ ਜਲੰਧਰ ਤੋਂ ਦੋ ਮੁਲਜ਼ਮ ਗ੍ਰਿਫ਼ਤਾਰ ਕੀਤੇ ਸਨ। ਜਿਨ੍ਹਾਂ ਨੇ ਮੁੱਖ ਮੁਲਜ਼ਮ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਮੁਲਜ਼ਮਾਂ ਦੀ ਪਛਾਣ ਸੋਨੂੰ ਸੁਭਾਸ਼ ਚੰਦਰ (37) ਅਤੇ ਅਨੁਜ ਥਾਪਨ (32) ਵਜੋਂ ਹੋਈ ਹੈ। ਦੋਵੇਂ ਮੁਲਜ਼ਮ ਅਬੋਹਰ ਦੇ ਰਹਿਣ ਵਾਲੇ ਹਨ। ਮੁਲਜ਼ਮ ਅਨੁਜ ਟਰੱਕ ’ਤੇ ਹੈਲਪਰ ਦਾ ਕੰਮ ਕਰਦਾ ਸੀ।
ਸੁਭਾਸ਼ ਇੱਕ ਕਿਸਾਨ ਹੈ ਅਤੇ ਕਰਿਆਨੇ ਦੀ ਦੁਕਾਨ ਵੀ ਚਲਾਉਂਦਾ ਹੈ। ਅਨੁਜ ਖਿਲਾਫ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ‘ਚ ਕਈ ਮਾਮਲੇ ਦਰਜ ਹਨ ਅਤੇ ਉਹ ਸ਼ੁਰੂ ਤੋਂ ਹੀ ਲਾਰੈਂਸ ਗੈਂਗ ਨਾਲ ਜੁੜਿਆ ਹੋਇਆ ਹੈ। ਦੋਵਾਂ ਨੇ 15 ਮਾਰਚ ਨੂੰ ਪਨਵੇਲ ਵਿੱਚ ਦੋ ਪਿਸਤੌਲਾਂ ਦੀ ਡਿਲੀਵਰੀ ਕੀਤੀ ਸੀ।
ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਵੀਰਵਾਰ ਨੂੰ ਜਲੰਧਰ ਪਹੁੰਚੀ ਸੀ। ਇਸ ਸਬੰਧੀ ਜ਼ਿਲ੍ਹਾ ਪੁਲਿਸ ਨਾਲ ਕੋਈ ਸੰਪਰਕ ਨਹੀਂ ਹੋਇਆ। ਕਿਉਂਕਿ ਉਹ ਕੇਂਦਰ ਸਰਕਾਰ ਤੋਂ ਵਾਰੰਟ ਲੈ ਕੇ ਆਈ ਸੀ। ਜ਼ਿਲ੍ਹਾ ਪੁਲਿਸ ਨੂੰ ਬਿਨਾਂ ਦੱਸੇ ਹੀ ਉਕਤ ਦੋ ਮੁਲਜ਼ਮਾਂ ਨੂੰ ਵੀਰਵਾਰ ਨੂੰ ਸ਼ਹਿਰ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਨਾਲ ਹੀ ਉਨ੍ਹਾਂ ਨੂੰ ਮੁੰਬਈ ਲਿਜਾਇਆ ਗਿਆ।
ਹੁਣ ਪੁਲਿਸ ਜਲਦ ਹੀ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰੇਗੀ। ਪੁਲਿਸ ਨੇ ਦੋਵਾਂ ਦੋਸ਼ੀਆਂ ਦੇ ਫ਼ੋਨ ਜ਼ਬਤ ਕਰ ਲਏ ਹਨ। ਸੂਤਰਾਂ ਅਨੁਸਾਰ ਉਕਤ ਮੁਲਜ਼ਮਾਂ ਨੇ ਸਾਗਰ ਪਾਲ ਅਤੇ ਵਿੱਕੀ ਗੁਪਤਾ ਨੂੰ ਦੋ ਪਿਸਤੌਲ ਅਤੇ 38 ਜ਼ਿੰਦਾ ਕਾਰਤੂਸ ਮੁਹੱਈਆ ਕਰਵਾਏ ਸਨ।