‘ਦ ਖ਼ਾਲਸ ਟੀਵੀ ਬਿਊਰੋ:-ਅਕਸਰ ਦੇਖਣ ਨੂੰ ਮਿਲਦਾ ਹੈ ਕਿ ਕਈ ਪਤਨੀ ਪਤਨੀ ਇਕ ਦੂਜੇ ਨਾਲ ਇਸ ਲਈ ਦਿਨ ਕੱਟਦੇ ਰਹਿੰਦੇ ਹਨ, ਕਿਉਂ ਕਿ ਦੋਵਾਂ ਨੂੰ ਇਕ ਦੂਜੇ ਤੋਂ ਕੋਈ ਨਾ ਕੋਈ ਸਵਾਰਥੀ ਲਾਹਾ ਹੁੰਦਾ ਹੈ। ਅਜਿਹੇ ਰਿਸ਼ਤਿਆਂ ਵਿੱਚ ਕੋਈ ਭਾਵਨਾਤਮਕ ਸਾਂਝ ਨਹੀਂ। ਇਸੇ ਤਰ੍ਹਾਂ ਦੇ ਇੱਕ ਮਾਮਲੇ ਉੱਤੇ ਸੁਣਵਾਈ ਕਰਦਿਆਂ ਦਿੱਲੀ ਹਾਈਕੋਰਟ ਨੇ ਸਖ਼ਤ ਟਿੱਪਣੀ ਕੀਤੀ ਹੈ। ਹਾਈਕੋਰਟ ਨੇ ਸਖਤ ਲਫਜਾਂ ਵਿੱਚ ਕਿਹਾ ਹੈ ਦੇਸ਼ ਦਾ ਕਾਨੂੰਨ ਕਿਸੇ ਵੀ ਵਿਅਕਤੀ ਨੂੰ ਇਹ ਇਜ਼ਾਜਤ ਨਹੀਂ ਦਿੰਦਾ ਕਿ ਉਹ ਬਗੈਰ ਭਾਵਨਾਤਮਕ ਸਬੰਧ ਦੇ ਆਪਣੀ ਘਰਵਾਲੀ ਨੂੰ ਸਿਰਫ ਇਸ ਲਈ ਨਾਲ ਰੱਖੇ ਕਿ ਉਹ ਉਸ ਲਈ ਕਮਾਊ ਗਾਂ ਤੋਂ ਵਧਕੇ ਕੁੱਝ ਨਹੀਂ ਹੈ।

ਜਾਣਕਾਰੀ ਮੁਤਾਬਿਕ ਹਾਈਕੋਰਟ ਨੇ ਇਸ ਮਾਮਲੇ ਵਿਚ ਔਰਤ ਦੇ ਪਤੀ ਨੂੰ ਬੇਰਹਿਮ ਦੱਸਦਿਆਂ ਔਰਤ ਦੀ ਅਪੀਲ ਨੂੰ ਮਨਜੂਰ ਕਰ ਲਿਆ ਹੈ। ਦੋਵਾਂ ਦੇ ਤਲਾਕ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਔਰਤ ਨੇ ਫੈਮਿਲੀ ਕੋਰਟ ਦੇ ਉਸ ਹੁਕਮ ਨੂੰ ਦਿੱਲੀ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ, ਜਿਸ ਵਿੱਚ ਅਦਾਲਤ ਨੇ ਇਸ ਨੂੰ ਬੇਰਹਿਮੀ ਦਾ ਕਾਰਨ ਮੰਨਣ ਤੋਂ ਇਨਕਾਰ ਕੀਤਾ ਸੀ ਤੇ ਨਾਲ ਹੀ ਤਲਾਕ ਨੂੰ ਵੀ ਨਾਮਨਜ਼ੂਰ ਕਰ ਦਿੱਤਾ ਸੀ। ਦੱਸਿਆ ਗਿਆ ਹੈ ਕਿ ਦੋਵਾਂ ਦਾ ਵਿਆਹ ਸਾਲ 2000 ‘ਚ ਹੋਇਆ ਸੀ।

ਹਾਲਾਂਕਿ ਇਹ ਵੀ ਸਾਹਮਣੇ ਆਇਆ ਹੈ ਕਿ ਉਸ ਸਮੇਂ ਪਤਨੀ 13 ਸਾਲ ਦੀ ਸੀ ਤੇ ਪਤੀ ਦੀ ਉਮਰ 19 ਸਾਲ। ਜਸਟਿਸ ਵਿਪਨ ਸਾਂਘੀ ਅਤੇ ਜਸਟਿਸ ਜਸਮੀਤ ਸਿੰਘ ਦੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ ਹੈ। 2005 ਵਿੱਚ ਬਾਲਗ ਹੋਣ ਤੋਂ ਬਾਅਦ ਪਤਨੀ ਨਵੰਬਰ 2014 ਤੱਕ ਆਪਣੇ ਪੇਕੇ ਘਰ ਵਿੱਚ ਰਹੀ। ਇਸ ਦੇ ਨਾਲ ਹੀ ਉਸ ਨੇ ਆਪਣੀ ਪੜ੍ਹਾਈ ਵੀ ਪੂਰੀ ਕਰ ਲਈ ਤੇ ਇਸੇ ਦੇ ਅਧਾਰ ਉੱਤੇ ਨੌਕਰੀ ਮਿਲ ਗਈ।

ਔਰਤ ਨੇ ਅਦਾਲਤ ਨੂੰ ਦੱਸਿਆ ਕਿ ਪਹਿਲਾਂ ਉਸ ਦੇ ਪਰਿਵਾਰ ਨੇ ਉਸ ਦੇ ਪਤੀ ਨੂੰ ਆਪਣੇ ਘਰ ਲੈ ਜਾਣ ਲਈ ਕਿਹਾ, ਪਰ ਉਹ ਨਹੀਂ ਮੰਨਿਆ। ਜਦੋਂ ਉਸ ਨੂੰ ਨੌਕਰੀ ਮਿਲ ਗਈ ਤਾਂ ਪਤੀ ਤੁਰਤ ਲਿਜਾਉਣ ਲਈ ਮੰਨ ਗਿਆ। ਔਰਤ ਨੇ ਦੱਸਿਆ ਕਿ ਉਹ ਇਸ ਲਈ ਮੰਨ ਗਿਆ ਕਿ ਉਸਨੂੰ ਤਨਖਾਹ ਮਿਲਦੀ ਹੈ।

ਹਾਈਕੋਰਟ ਨੇ ਕਿਹਾ ਕਿ ਔਰਤ ਦਾ ਪਤੀ ਇੰਝ ਲੱਗ ਰਿਹਾ ਹੈ ਜਿਵੇਂ ਉਸਨੂੰ ਇੱਕ ਕਮਾਊ ਗਾਂ ਵਜੋਂ ਦੇਖਦਾ ਹੈ। ਅਦਾਲਤ ਨੇ ਕਿਹਾ ਕਿ ਅਜਿਹਾ ਬੇਰਹਿਮ ਭੌਤਿਕਵਾਦੀ ਰਵੱਈਆ ਅਤੇ ਭਾਵਨਾਤਮਕ ਸਬੰਧ ਦੇ ਬਿਨਾਂ ਅਪੀਲਕਰਤਾ ਨੂੰ ਮਾਨਸਿਕ ਪੀੜਾ ਹੋਈ ਹੋਵੇਗੀ। ਅਜਿਹੀ ਸਥਿਤੀ ਵਿੱਚ ਅਜਿਹੀ ਸੱਟ ਉਸ ਲਈ ਬੇਰਹਿਮੀ ਦਾ ਫੈਸਲਾ ਕਰਨ ਲਈ ਕਾਫੀ ਹੈ। ਅਦਾਲਤ ਨੇ ਕਿਹਾ ਕਿ ਪਤੀ ਦੇ ਖਿਲਾਫ ਸਥਾਪਿਤ ਮਾਨਸਿਕ ਬੇਰਹਿਮੀ ਦੇ ਜੁਰਮ ਲਈ ਕੇਸ ਬਣਦਾ ਹੈ।